ਬ੍ਰਿਟਿਸ਼ ਕੋਲੰਬੀਆ:ਬ੍ਰਿਟਿਸ਼ ਕੋਲੰਬੀਆ ਦੀ ਵਾਹਨ ਇੰਸ਼ੋਰੈਂਸ ਕੰਪਨੀ ICBC ਦੇ ਅੰਕੜਿਆਂ ਅਨੁਸਾਰ 2024 ਵਿੱਚ ਘੱਟੋ-ਘੱਟ 303,000 ਹਾਦਸੇ ਹੋਏ, ਜਿਨ੍ਹਾਂ ਵਿੱਚੋਂ 107,000 ਇੰਟਰਸੈਕਸ਼ਨਾਂ ‘ਤੇ ਹੋਏ ਅਤੇ 52,000 ਤੋਂ ਵੱਧ ਲੋਕ ਜ਼ਖ਼ਮੀ ਹੋਏ। ICBC ਮੁਤਾਬਕ ਇਹ ਵਾਧਾ ਸੂਬੇ ਦੀ ਵਧ ਰਹੀ ਆਬਾਦੀ, ਵਧ ਰਹੀਆਂ ਗੱਡੀਆਂ ਅਤੇ ਡਰਾਇਵਿੰਗ ਲਾਇਸੈਂਸਾਂ ਦੀ ਗਿਣਤੀ ਕਾਰਨ ਹੋਇਆ ਹੈ, ਜਿਸ ਨਾਲ ਟ੍ਰੈਫਿਕ ਵਧੀ ਅਤੇ ਹਾਦਸਿਆਂ ਵਿੱਚ ਇਜ਼ਾਫਾ ਹੋਇਆ। ਉਮੀਦ ਹੈ ਕਿ 2025 ਤੋਂ ਬਾਅਦ ਇਹ ਗਿਣਤੀ ਥੋੜ੍ਹੀ ਸਥਿਰ ਹੋ ਜਾਵੇਗੀ। ਸਭ ਤੋਂ ਵੱਧ ਹਾਦਸੇ ਵਾਲਾ ਇਲਾਕਾ ਐਲੈਕਸ ਫਰੇਜ਼ਰ ਬ੍ਰਿਜ਼ ਅਤੇ Cliveden Avenue ਦਾ ਇੰਟਰਸੈਕਸ਼ਨ ਰਿਹਾ, ਜਿੱਥੇ 481 ਹਾਦਸੇ ਹੋਏ। ਵੈਂਕੂਵਰ ਵਿੱਚ ਨਾਈਟ ਸਟਰੀਟ ਬ੍ਰਿਜ਼ ਅਤੇ ਸਾਊਥਈਸਟ ਮਰੀਨ ਰੈਂਪ ਸਭ ਤੋਂ ਖ਼ਤਰਨਾਕ ਸਾਬਤ ਹੋਏ। ਪੈਦਲ ਚੱਲਣ ਵਾਲਿਆਂ ਨਾਲ ਹੋਣ ਵਾਲੇ ਹਾਦਸਿਆਂ ਵਿੱਚ, ਈਸਟ ਹੈਸਟਿੰਗਜ਼ ਅਤੇ ਮੇਨ ਸਟਰੀਟ ਇਲਾਕਾ ਸਭ ਤੋਂ ਜ਼ਿਆਦਾ ਪ੍ਰਭਾਵਤ ਰਿਹਾ, ਜਿੱਥੇ 2024 ਵਿੱਚ 37 ਹਾਦਸੇ ਹੋਏ।