ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਇਹ ਝੂਠ ਬੋਲਣ ਕਿ ਉਸਨੇ ਪੀ ਐਸ ਪੀ ਸੀ ਐਲ ਦਾ ਕੋਈ ਬਕਾਇਆ ਨਹੀਂ ਦੇਣਾ, ਦੀ ਜ਼ੋਰਦਾਰ ਨਿਖੇਧੀ ਕੀਤੀ ਅਤੇ ਕਿਹਾ ਕਿ ਅਸਲੀਅਤ ਇਹ ਹੈ ਕਿ ਸੂਬੇ ਦੀ ਬਿਜਲੀ ਕੰਪਨੀ ਨੇ ਸਰਕਾਰੀ ਰਿਕਾਰਡ ਮੁਤਾਬਕ ਸਰਕਾਰ ਤੋਂ 7475 ਕਰੋੜ ਰੁਪਏ ਦਾ ਬਕਾਇਆ ਲੈਣਾ ਹੈ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਪੀ ਐਸ ਪੀ ਸੀ ਐਲ ਦਾ ਬਕਾਇਆ ਹੋਰ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਆਪ ਸਰਕਾਰ ਵਿੱਤੀ ਅੰਕੜਿਆਂ ਦਾ ਹੇਰ ਫੇਰ ਕਰਨ ਵਿਚ ਮਾਹਿਰ ਹੈ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਸ ਵੈਬਸਾਈਟ ਦੇ ਮੁਤਾਬਕ ਬਿਜਲੀ ਕੰਪਨੀ ਨੇ ਸਰਕਾਰ ਤੋਂ ਸਬਸਿਡੀ ਦਾ 4870 ਕਰੋੜ ਰੁਪਏ ਬਕਾਇਆ ਲੈਣਾ ਹੈ ਜਦੋਂ ਕਿ ਸਰਕਾਰੀ ਵਿਭਾਗਾਂ ਦੇ 2605 ਕਰੋੜ ਰੁਪਏ ਦੇ ਬਿਜਲੀ ਬਿੱਲਾਂ ਦਾ ਬਕਾਇਆ ਲੈਣਾ ਹੈ। ਉਹਨਾਂ ਕਿਹਾ ਕਿ ਇਸ ਤੋਂ ਸਪਸ਼ਟ ਹੈ ਕਿ ਵਿੱਤ ਮੰਤਰੀ ਹਰਪਾਲ ਚੀਮਾ ਝੂਠ ਬੋਲ ਰਹੇ ਹਨ ਕਿ ਪੰਜਾਬ ਸਰਕਾਰ ਨੇ ਪੀ ਐਸ ਪੀ ਸੀ ਐਲ ਦਾ ਕੋਈ ਬਕਾਇਆ ਨਹੀਂ ਦੇਣਾ।

ਬਾਦਲ ਨੇ ਕਿਹਾ ਕਿ ਆਪ ਸਰਕਾਰ ਦੇ ਰਾਜ ਵਿਚ ਪੰਜਾਬ ਵਿਚ ਵਿੱਤੀ ਤੇ ਬਿਜਲੀ ਸੰਕਟ ਮਨੁੱਖ ਵੱਲੋਂ ਆਪ ਸਹੇੜਿਆ ਸੰਕਟ ਹੈ। ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ ਇਸ ਸਾਲ 45000 ਕਰੋੜ ਰੁਪਏ ਦਾ ਕਰਜ਼ਾ ਲਿਆ ਸੀ ਪਰ ਫਿਰ ਵੀ ਉਹ ਪੀ ਐਸ ਪੀ ਸੀ ਐਲ ਦੇ ਬਕਾਏ ਦੇਣ ਵਿਚ ਨਾਕਾਮ ਰਹੀ ਹੈ। ਉਹਨਾਂ ਕਿਹਾ ਕਿ ਇਸਨੇ ਕੋਈ ਪੂੰਜੀਗਤ ਨਿਵੇਸ਼ ਵੀ ਨਹੀ਼ਕੀਤਾ ਤੇ ਇਕ ਵੀ ਵਿਕਾਸ ਪ੍ਰਾਜੈਕਟ ਸ਼ੁਰੂ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਆਮ ਆਦਮੀ ਕਲੀਨਿਕ ਤੇ ਇਸ਼ਤਿਹਾਰਾਂ ’ਤੇ ਸੈਂਕੜੇ ਕਰੋੜ ਰੁਪਏ ਬਰਬਾਦ ਕਰ ਦਿੱਤੇ ਹਨ।

ਬਾਦਲ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਪਣਾ ਫਰਜ਼ ਨਿਭਾਉਣ ਵਿਚ ਕੁਤਾਹੀਪੰਜਾਬੀਆਂ ਨੂੰ ਮਹਿੰਗੀ ਪਵੇਗੀ। ਉਹਨਾਂ ਕਿਹਾ ਕਿ ਉਹਨਾਂ ਕਿਹਾ ਕਿ ਅਸੀਂ ਤਾਂ ਟਾਈਮ ਬੰਬ ’ਤੇ ਬੈਠੇ ਹਾਂ। ਉਹਨਾਂ ਕਿਹਾ ਕਿ ਪੀ ਐਸ ਪੀ ਸੀ ਐਲ ਕੰਗਾਲ ਹੋ ਗਈ ਹੈ ਤੇ ਉਸ ਕੋਲ ਮੁਰੰਮਤ ਦੇ ਕੰਮਾਂ ਲਈ ਵੀ ਫੰਡ ਨਹੀਂ ਹਨ। ਸਰਦੀ ਦੀ ਰੁੱਤ ਵਿਚ ਵੀ ਬਿਜਲੀ ਦੀ ਮੰਗ ਵਿਚ ਵਾਧਾ ਹੋ ਰਿਹਾ ਹੈ। ਇਸ ਰੁਝਾਨ ਦੇ ਆਉਂਦੇ ਝੋਨੇ ਦੇ ਸੀਜ਼ਨ ਵਿਚ ਤੇ ਗਰਮੀ ਵਿਚ ਬੇਹੱਦ ਖਤਰਨਾਕ ਨਤੀਜੇ ਹੋ ਸਕੇਦ ਹਨ। ਇਸੇ ਤਰੀਕੇ ਦਾ ਹਾਲ ਉਦਯੋਗਿਕ ਸੈਕਟਰ ਦਾਹੈ।

ਬਾਦਲ ਨੇ ਕਿਹਾ ਕਿ ਇਹ ਸਭ ਕੁਝ ਇਸ ਕਰਕੇਹੋ ਰਿਹਾ ਹੈ ਕਿਉਂਕਿ ਸ੍ਰੀ ਭਗਵੰਤ ਮਾਨ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਹੱਥ ਵਿਚ ਕਠਪੁਤਲੀ ਬਣੇ ਹੋਏ ਹਨ ਅਤੇ ਉਹਨਾਂ ਸਰਕਾਰ ਚਲਾਉਣ ਦਾ ਜ਼ਿੰਮਾ ਐਮ ਪੀ ਰਾਘਵ ਚੱਢਾ ਨੂੰ ਸੌਂਪ ਰੱਖਿਆ ਹੈ। ਉਹਨਾਂ ਕਿਹਾ ਕਿ ਇਹੀ ਕਾਰਨ ਹੈ ਕਿ ਸੂਬੇ ਵਿਚ ਕਾਨੂੰਨ ਵਿਵਸਥਾ ਤੇ ਨਸ਼ਿਆਂ ਦੇ ਪਸਾਰ ਦਾ ਹਾਲ ਦਿਨ ਬ ਦਿਨ ਹੋਰ ਮਾੜਾ ਹੁੰਦਾ ਜਾ ਰਿਹਾ ਹੈ।

ਆਦਮਪੁਰ ਸ਼ਹਿਰ ਦੇ ਦੌਰੇ ਮੌਕੇ ਸਰਦਾਰ ਬਾਦਲ ਨੇ ਜਲੰਧਰ-ਹੁਸ਼ਿਆਰਪੁਰ ਫਲਾਈਓਵਰ ਦਾ ਨਿਰੀਖਣ ਕੀਤਾ ਜਿਸਦਾ ਕੰਮ 2017 ਤੋਂ ਬੰਦ ਪਿਆ ਹੈ। ਉਹਨਾਂ ਸਥਾਨਕ ਲੋਕਾਂ ਨਾਲ ਗੱਲਬਾਤ ਕੀਤੀ ਤਾਂ ਦੱਸਿਆ ਕਿ ਇਹ ਕੰਮ ਅਕਾਲੀ ਦਲ ਦੀ ਸਰਕਾਰ ਵੇਲੇ 2016 ਵਿਚ ਸ਼ੁਰੂ ਕੀਤਾ ਗਿਆ ਸੀ ਜੋ 2017 ਤੋਂ ਬੰਦ ਪਿਆ ਹੈ। ਉਹਨਾਂ ਲੋਕਾਂ ਨੂੰ ਭਰੋਸਾ ਦੁਆਇਆ ਕਿ ਉਹ ਇਹ ਮੁੱਦਾ ਚੁੱਕਣਗੇ ਅਤੇ ਇਹ ਪ੍ਰਾਜੈਕਟ ਜਲਦੀ ਮੁਕੰਮਲ ਕਰਨ ਵਾਸਤੇ ਸਰਕਾਰ ਨੂੰ ਮਜਬੂਰ ਕਰਨਗੇ।

ਜਲੰਧਰ, ਕਰਤਾਰਪੁਰ ਤੇ ਆਦਮਪੁਰ ਹਲਕਿਆਂ ਦੇ ਦੌਰੇ ਦੌਰਾਨ ਸਰਦਾਰ ਬਾਦਲ ਨੇ ਦਰਜਨ ਭਰ ਪਰਿਵਾਰਾਂ ਨਾਲ ਵੀ ਮੁਲਾਕਾਤ ਕੀਤੀ ਤੇ ਉਹਨਾਂ ਦੇ ਦੁੱਖ ਸੁੱਖ ਸਾਂਝੇ ਕੀਤੇ। ਇਸ ਮੌਕੇ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਉਂਦੀ ਲੋਕ ਸਭਾ ਤੇ ਐਮ ਸੀ ਚੋਣਾਂ ਵਿਚ ਅਕਾਲੀ ਦਲ ਨੂੰ ਵੋਟਾਂ ਪਾਉਣ। ਉਹਨਾਂ ਕਿਹਾ ਕਿ ਸਿਰਫ ਅਕਾਲੀ ਦਲ ਹੀ ਪੰਜਾਬੀਆਂ ਦੀਲੋੜਾਂ ਨੂੰ ਸਮਝਦਾ ਹੈ ਤੇ ਉਹਨਾਂ ਦੀਆਂ ਮੁਸ਼ਕਿਲਾਂ ਹੱਲ ਕਰ ਸਕਦਾ ਹੈ ਤੇ ਬਾਕੀ ਸਾਰੇ ਤਾਂ ਬਾਹਰਲੇ ਹਨ ਜਿਹਨਾਂ ਨੂੰ ਵੋਟਾਂ ਤੋਂ ਇਲਾਵਾ ਹੋਰ ਕੋਈ ਦਿਲਚਸਪੀ ਨਹੀਂ ਹੈ।

Leave a Reply