ਜਲੰਧਰ: ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਨੇ ਅੱਜ ਕਿਹਾ ਕਿ ਚੌਧਰੀ ਸੰਤੋਖ ਸਿੰਘ ਦੇ ਚੌਧਰੀ ਪਰਿਵਾਰ, ਜਿਹਨਾਂ ਦੇ ਅਕਾਲ ਚਲਾਣੇ ਕਾਰਨ ਜ਼ਿਮਨੀ ਚੋਣ ਹੋ ਰਹੀਹੈ, ਨੇ ਇਸ ਪਾਰਲੀਮਾਨੀ ਹਲਕੇ ਦੇ ਲੋਕਾਂ ਦੀਆਂ ਵੋਟਾਂ ਲੈਣ ਦਾ ਹੱਕ ਗੁਆ ਲਿਆ ਹੈ ਕਿਉਂਕਿ ਇਸ ਪਰਿਵਾਰ ਨੇ ਨੇ 30 ਸਾਲਾਂ ਤੋਂ ਜੇਤੂ ਰਹਿਣ ਦੇ ਬਾਵਜੂਦ ਹਲਕੇ ਵਾਸਤੇ ਕੱਖ ਨਹੀਂ ਕੀਤਾ।

ਇਥੇ ਨਕੋਦਰ ਵਿਖੇ ਭਰਵੀਂਆਂ ਜਨਤਕ ਰੈਲੀਆਂ ਨੂੰ ਸੰਬੋਧਨ ਕਰਦਿਆਂ ਡਾ. ਸੁਖਵਿੰਦਰ ਸੁੱਖੀ ਨੇ ਕਿਹਾ ਕਿ ਚੌਧਰੀ ਸੰਤੋਖ ਸਿੰਘ ਇਸ ਹਲਕੇ ਤੋਂ ਲਗਾਤਾਰ ਦੋ ਵਾਰ ਜੇਤੂ ਰਹੇ ਪਰ ਉਹਨਾਂ ਇਸਦੇ ਬਾਵਜੂਦ ਹਲਕੇ ਵਾਸਤੇ ਕੱਖ ਨਹੀਂ ਕੀਤਾ। ਉਹਨਾਂ ਕਿਹਾ ਕਿ ਉਹ ਕਾਂਗਰਸ ਪਾਰਟੀ ਨੂੰ ਚੁਣੌਤੀ ਦਿੰਦੇ ਹਨ ਕਿ ਚੌਧਰੀ ਸੰਤੋਖ ਸਿੰਘ ਦੀਆਂ ਤਿੰਨ ਪ੍ਰਾਪਤੀਆਂ ਗਿਣਾਵੇ। ਉਹਨਾਂ ਕਿਹਾ ਕਿ ਜੇਕਰ ਉਹ ਅਜਿਹਾ ਕਰਨ ਵਿਚ ਸਫਲ ਹੁੰਦੇ ਹਨ ਤਾਂ ਮੈਂ ਮੰਨ ਲਵਾਂਗਾ ਕਿ ਪਰਿਵਾਰ ਨੂੰ ਇਸ ਹਲਕੇ ਦੀਆਂ ਵੋਟਾਂ ਲੈਣ ਦਾ ਹੱਕ ਹੈ।

ਡਾ. ਸੁੱਖੀ ਨੇ ਕਿਹਾ ਕਿ ਉਹਨਾਂ ਨੇ ਪਿਛਲੇ 10 ਦਿਨਾਂ ਤੋਂ ਵੱਧ ਸਮੇਂ ਤੋਂ ਹਲਕੇ ਦਾ ਗੇੜਾ ਲਗਾਇਆ ਹੈ ਤੇ ਉਹ ਹਲਕੇ ਵਿਚ ਬੁਨਿਆਦੀ ਢਾਂਚੇ ਦਾ ਮਾੜਾ ਹਾਲ ਵੇਖ ਕੇ ਦੁਖੀ ਹਨ। ਉਹਨਾਂ ਕਿਹਾ ਕਿ ਪਿਛਲੇ 9 ਸਾਲਾਂ ਵਿਚ ਚੌਧਰੀ ਸੰਤੋਖ ਸਿੰਘ ਨੂੰ ਹਲਕੇ ਵਿਚ ਖਰਚਣ ਵਾਸਤੇ 50 ਕਰੋੜ ਰੁਪਏ ਮਿਲੇ ਸਨ ਪਰ ਜ਼ਮੀਨੀ ਪੱਧਰ ’ਤੇ ਕੱਖ ਨਹੀਂ ਕੀਤਾ ਗਿਆ ਜਿਸ ਤੋਂ ਇਹ ਸੰਕੇਤ ਮਿਲਦਾ ਹੈ ਕਿ ਉਹਨਾਂ ਨੇ ਹਲਕੇ ਵਿਚ ਕੋਈ ਹਾਂ ਪੱਖੀ ਬਦਲਾਅ ਨਹੀਂ ਕੀਤਾ।

ਡਾ. ਸੁੱਖੀ ਨੇ ਆਮ ਆਦਮੀ ਪਾਰਟੀ ਸਰਕਾਰ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਸਰਕਾਰ ਡਾ. ਬਾਬਾ ਸਾਹਿਬ ਬੀ ਆਰ ਅੰਬੇਡਕਰ ਤੇ ਸ਼ਹੀਦ ਭਗਤ ਸਿੰਘ ਦਾ ਸਨਮਾਨ ਵੀ ਨਹੀਂ ਕਰ ਸਕੀ। ਉਹਨਾਂ ਕਿਹਾ ਕਿਆਪ ਸਰਕਾਰ ਨੇ ਨਾ ਤਾਂ 14 ਅਪ੍ਰੈਲ ਨੂੰ ਬਾਬਾ ਸਾਹਿਬ ਦਾ ਜਨਮ ਦਿਹਾੜਾ ਮਨਾਇਆ ਤੇ ਇਸਨੇ ਹਾਈ ਕੋਰਟ ਵਿਚ ਇਹ ਹਲਫੀਆ ਬਿਆਨ ਦੇ ਕੇ ਅਨੁਸੂਚਿਤ ਜਾਤੀ ਭਾਈਚਾਰੇ ਦਾ ਅਪਮਾਨ ਕੀਤਾ ਕਿ ਐਸ ਸੀ ਵਰਗ ਵਿਚ ਕੋਈ ਵੀ ਇੰਨਾ ਪੜ੍ਹਿਆਲਿਖਿਆ ਉਮੀਦਵਾਰ ਨਹੀਂ ਹੈ ਜਿਸਨੂੰ ਰਾਜ ਸਰਕਾਰ ਲਾਅ ਅਫਸਰ ਨਿਯੁਕਤ ਕਰ ਸਕੇ। ਉਹਨਾਂ ਇਹ ਵੀ ਦੱਸਿਆ ਕਿ ਕਿਵੇਂ ਸਰਕਾਰ ਨੇ ਖਟਕੜ ਕਲਾਂ ਵਿਖੇ ਸਰਕਾਰ ਨੇ ਸ਼ਹੀਦ ਭਗਤ ਸਿੰਘ ਦੀ ਤਸਵੀਰ ਹਟਾ ਕੇ ਮੁੱਖ ਮੰਤਰੀ ਦੀ ਤਸਵੀਰ ਲਗਾ ਕੇ ਸ਼ਹੀਦ ਦਾ ਅਪਮਾਨ ਕੀਤਾ।

ਡਾ. ਸੁੱਖੀ ਨੇ ਜ਼ੋਰ ਦੇ ਕੇ ਕਿਹਾ ਕਿ ਆਪ ਸਰਕਾਰ ਦਲਿਤ ਵਿਰੋਧੀ ਹੈ। ਉਹਨਾਂ ਕਿਹਾ ਕਿ ਸਰਕਾਰ ਨੂੰ ਰਾਜ ਸਭਾ ਵਾਸਤੇ ਇਕ ਵੀ ਦਲਿਤ ਉਮੀਦਵਾਰ ਨਹੀਂ ਲੱਭਾ ਹਾਲਾਂਕਿ ਉਸ ਕੋਲ 7 ਸੀਟਾਂ ਖਾਲੀ ਸਨ। ਉਹਨਾਂ ਕਿਹਾ ਕਿ ਅਸੀਂ ਵੇਖਿਆ ਹੈ ਕਿ ਕਿਵੇਂ ਇਹ ਨਿਯੁਕਤੀਆਂ ਹੋਈਆਂ ਹਨ।

ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਨੇ ਔਰਤਾਂ ਨੂੰ ਵੀ ਅਪੀਲ ਕੀਤੀ ਕਿ ਜਦੋਂ ਇਸ ਹਲਕੇ ਵਿਚ ਆਮ ਉਮੀਦਵਾਰ ਵੋਟਾਂ ਮੰਗਣ ਆਵੇ ਤਾਂ ਉਹ ਪਹਿਲਾਂ ਉਹਨਾਂ ਤੋਂ 14 ਹਜ਼ਾਰ ਰੁਪਏ ਹਰ ਔਰਤ ਦੇ ਖਾਤੇ ਭੇਜਣ ਦਾ ਹਿਸਾਬ ਮੰਗਣ। ਉਹਨਾਂ ਕਿਹਾ ਕਿ ਜਦੋਂ ਇਕ ਮਹੀਨਾ ਪਹਿਲਾਂ ਸ੍ਰੀ ਸੁਸ਼ੀਲ ਰਿੰਕੂ ਕਾਂਗਰਸ ਵਿਚ ਸਨ ਤਾਂ ਉਹਨਾਂ ਵੀ ਇਹ ਦਾਅਵਾ ਕੀਤਾ ਸੀ। ਉਹਨਾਂ ਕਿਹਾ ਕਿ ਉਹ ਆਪਣੀ ਗੱਲ ਤੋਂ ਭੱਜ ਨਹੀਂ ਸਕਦੇ।

ਇਸ ਮੌਕੇ ਸੀਨੀਅਰ ਅਕਾਲੀ ਆਗੂ ਸਰਦਾਰ ਕੁਲਦੀਪ ਸਿੰਘ ਵਡਾਲਾ ਨੇ ਵੀ ਆਪ ਤੇ ਭਾਜਪਾ ਦੀ ਸਾਂਝ ’ਤੇ ਹਮਲਾ ਕੀਤਾ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਕੇਂਦਰ ਸਰਕਾਰ ਨਾਲ ਰਲ ਕੇ ਪੰਜਾਬ ਵਿਚ ਨੀਮ ਫੌਜੀ ਦਸਤੇ ਤਾਇਨਾਤ ਕਰਵਾਏ ਤੇ ਫਿਰ ਸਿੱਖਾਂ ਨੂੰ ਵੱਖਵਾਦੀ ਦੱਸ ਕੇ ਉਹਨਾਂ ਖਿਲਾਫ ਐਨ ਐਸ ਏ ਵਰਗੀ ਧਾਰਾ ਲਗਾਈ। ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਵੱਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਅਪਮਾਨ ਕਰਨ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿ ਆਪਣੇ ਸਿਆਸੀ ਆਕਾਵਾਂ ਨੂੰ ਖੁਸ਼ ਕਰਨ ਵਾਸਤੇ ਉਹ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰ ਰਹੇ ਹਨ।

Leave a Reply