ਚੰਡੀਗੜ੍ਹ: ਇੱਥੇ ਚੱਲ ਰਹੇ ਜੀ-20 ਸੰਮੇਲਨ ਦੇ ਮੱਦੇਨਜ਼ਰ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਅੱਜ 14 ਮਾਰਚ ਤੋਂ 21 ਮਾਰਚ, 2023 ਤੱਕ ਪੂਰੇ ਕਮਿਸ਼ਨਰੇਟ ਖੇਤਰ ਵਿੱਚ ਉਡਣ ਵਾਲੇ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ‘ਤੇ ਪਾਬੰਦੀ ਲਗਾਈ ਹੈ। ਇਸ ਪਾਬੰਦੀ ਵਿੱਚ ਜੀ-20 ਸਿੱਖਿਆ ਦੇ ਸਥਾਨ, ਵਰਕਿੰਗ ਗਰੁੱਪ ਦੀਆਂ ਮੀਟਿੰਗਾਂ, ਉਹ ਸਥਾਨ ਅਤੇ ਰਸਤੇ ਜਿੱਥੇ ਡੈਲੀਗੇਟ ਠਹਿਰੇ ਹੋਏ ਹਨ, ਵੀ ਸ਼ਾਮਲ ਹਨ।

ਜ਼ਿਕਰਯੋਗ ਹੈ ਕਿ ਪੰਜਾਬ 15 ਤੋਂ 17 ਮਾਰਚ ਤੱਕ ਦੂਜੇ ਐਜੂਕੇਸ਼ਨ ਵਰਕਿੰਗ ਗਰੁੱਪ (ਐੱਡ ਡਬਲਯੂ.ਜੀ.) ਦੀ ਮੇਜ਼ਬਾਨੀ ਕਰ ਰਿਹਾ ਹੈ ਅਤੇ 28 ਜੀ-20 ਮੈਂਬਰ ਦੇਸ਼, ਮਹਿਮਾਨ ਦੇਸ਼ ਅਤੇ ਸੰਸਥਾਵਾਂ(ਓ.ਈ.ਸੀ.ਡੀ., ਯੂਨੈਸਕੋ ਅਤੇ ਯੂਨੀਸੈਫ), ਜਿਨ੍ਹਾਂ ਨੂੰ ਸੱਦਾ ਦਿੱਤਾ ਹੈ, ਇਸ 3 ਦਿਨਾਂ ਸਮਾਗਮ ਦੌਰਾਨ ਸੈਮੀਨਾਰ/ਪ੍ਰਦਰਸ਼ਨੀ ਅਤੇ ਵਰਕਿੰਗ ਗਰੁੱਪ ਮੀਟਿੰਗਾਂ ਵਿੱਚ ਹਿੱਸਾ ਲੈਣਗੇ। ਲੇਬਰ ‘ਤੇ ਐਲ20 ਦੀ ਮੀਟਿੰਗ 19-20 ਮਾਰਚ ਨੂੰ ਹੋਣੀ ਹੈ।

ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ (ਸੀ.ਪੀ.) ਨੌਨਿਹਾਲ ਸਿੰਘ ਨੇ ਦੱਸਿਆ ਕਿ ਮੀਟਿੰਗਾਂ ਦੇ ਸਥਾਨਾਂ, ਠਹਿਰਨ ਦੇ ਸਥਾਨਾਂ ਅਤੇ ਰਸਤਿਆਂ ਨੂੰ ਰੈੱਡ ਜ਼ੋਨ ਘੋਸ਼ਿਤ ਕੀਤਾ ਗਿਆ ਹੈ ਅਤੇ ਸੁਰੱਖਿਆ ਦੀ ਮਜ਼ਬੂਤੀ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਟਾਲਣ ਲਈ ਡਰੋਨ ਅਤੇ ਮਾਨਵ ਰਹਿਤ ਹਵਾਈ ਵਾਹਨਾਂ ਦੇ ਉੱਡਣ ‘ਤੇ ਪਾਬੰਦੀ ਲਗਾਈ ਗਈ ਹੈ।

Leave a Reply