ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਪੰਜਾਬ ਦੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਨੂੰ ਅਪੀਲ ਕੀਤੀ ਕਿ ਉਹ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਦਾਇਤ ਦੇਣ ਕਿ ਜਿਸ ਮੰਤਰੀ ਦੀ ਅਸ਼ਲੀਲ ਸੀਡੀ ਸਾਹਮਣੇ ਆਈ ਹੈ, ਉਸਨੂੰ ਤੁਰੰਤ ਬਰਖ਼ਾਸਤ ਕੀਤਾ ਜਾਵੇ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਰਾਜਪਾਲ ਨੇ ਸੂਬੇ ਦੇ ਡੀਜੀ ਪੀ ਨੂੰ ਆਖਿਆ ਕਿ ਜੋ ਅਸ਼ਲੀਲ ਵੀਡੀਓ ਉਹਨਾਂ ਨੂੰ ਸੌਂਪੀ ਗਈ ਹੈ, ਉਸਦੀ ਜਾਂਚ ਕੀਤੀ ਜਾਵੇ, ਇਸ ਲਈ ਉਕਤ ਮੰਤਰੀ ਨੂੰ ਤੁਰੰਤ ਬਰਖ਼ਾਸਤ ਕੀਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਡੀ ਜੀ ਪੀ ਮੰਤਰੀ ਨਾਲੋਂ ਜੂਨੀਅਰ ਹੁੰਦਾ ਹੈ, ਇਸ ਲਈ ਉਹ ਮੰਤਰੀ ਤੋਂ ਪੁੱਛ ਗਿੱਛ ਨਹੀਂ ਕਰ ਸਕਦਾ। ਅਜਿਹੇ ਹਾਲਾਤ ਵਿਚ ਮੰਤਰੀ ਵੱਲੋਂ ਜਾਂਚ ਨੂੰ ਪ੍ਰਭਾਵਤ ਕੀਤਾ ਜਾ ਸਕਦਾ ਹੈ।

ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹਨਾਂ ਹਾਲਾਤਾਂ ਵਿਚ ਨਿਆਂਇਕ ਜਾਂਚ ਜ਼ਿਆਦਾ ਢੁਕਵੀਂ ਰਹੇਗੀ।

ਅਕਾਲੀ ਆਗੂ ਨੇ ਇਹ ਵੀ ਮੰਗ ਕੀਤੀ ਕਿ ਮੋਰਿੰਡਾ ਬੇਅਦਬੀ ਮਾਮਲੇ ਦੀ ਸੀ ਬੀ ਆਈ ਜਾਂਚ ਕਰਵਾਈ ਜਾਵੇ। ਉਹਨਾਂ ਕਿਹਾ ਕਿ ਜਿਸ ਤਰੀਕੇ ਦੋਸ਼ੀ ਦੀ ਜੇਲ੍ਹ ਵਿਚ ਮੌਤ ਹੋਈ ਹੈ, ਉਹ ਬਹੁਤ ਸ਼ੱਕੀ ਹੈ ਤੇ ਇਹ ਵੀ ਸੰਭਵ ਹੈ ਕਿ ਅਜਿਹਾ ਬੇਅਦਬੀ ਦੀ ਘਟਨਾ ਪਿਛਲੀ ਸਾਜ਼ਿਸ਼ ਨੂੰ ਦਬਾਉਣ ਵਾਸਤੇ ਉਸਦਾ ਕਤਲ ਕੀਤਾ ਗਿਆ ਹੋਵੇ। ਉਹਨਾਂ ਕਿਹਾ ਕਿ ਸਿਰਫ ਕੇਂਦਰੀ ਏਜੰਸੀ ਦੀ ਜਾਂਚ ਹੀ ਸਾਜ਼ਿਸ਼ਕਾਰਾਂ ਨੂੰ ਬੇਨਕਾਬ ਕਰ ਸਕਦੀ ਹੈ।

Leave a Reply