ਚੰਡੀਗੜ੍ਹ: ਪੰਜਾਬ ਦੇ ਜਲ ਸਪਲਾਈ ਅਤੇ ਸੈਨੀਟੇਸ਼ਨ ਮੰਤਰੀ ਬ੍ਰਮ ਸ਼ੰਕਰ ਜਿੰਪਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਬਿਹਤਰ ਜਲ ਪ੍ਰਬੰਧਨ ਪ੍ਰਣਾਲੀ ਵਿਕਸਿਤ ਕਰਨ ਲਈ ਇਜ਼ਰਾਈਲ ਨਾਲ ਰਣਨੀਤਕ ਭਾਈਵਾਲੀ ਬਣਾਏਗੀ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਰਾਜ ਵਿੱਚ ਸਸਤੇ ਅਤੇ ਟਿਕਾਊ ਜਲ ਸਪਲਾਈ ਅਤੇ ਸੀਵਰੇਜ ਦੇ ਬੁਨਿਆਦੀ ਢਾਂਚੇ ਨੂੰ ਵਿਕਸਤ ਕਰਨ ਲਈ ਇਜ਼ਰਾਈਲੀ ਤਕਨਾਲੋਜੀ ਅਤੇ ਸਵਦੇਸ਼ੀ ਕਾਢਾਂ ਦੀ ਪ੍ਰਭਾਵਸ਼ਾਲੀ ਢੰਗ ਨਾਲ ਵਰਤੋਂ ਕਰੇਗੀ।

ਅੱਜ ਇੱਥੇ ਪੰਜਾਬ ਭਵਨ ਵਿਖੇ ਇਜ਼ਰਾਈਲ ਦੇ ਦੂਤਾਵਾਸ ਦੇ ਵਾਟਰ ਅਟੈਚ ਡਾ. ਲਿਓਰ ਆਸਫ, ਇੰਟਰਨੈਸ਼ਨਲ ਡਿਵੈਲਪਮੈਂਟ ਕਾਰਪੋਰੇਸ਼ਨ (ਐਮ.ਏ.ਐਸ.ਐਚ.ਏ.ਵੀ) ਇਜ਼ਰਾਈਲ ਦੂਤਾਵਾਸ ਦੇ ਸੀਨੀਅਰ ਜਲ ਸਰੋਤ ਮਾਹਿਰ ਸ੍ਰੀ ਨੀਰਜ ਗਹਿਲਵਤ ਅਤੇ ਥਾਪਰ ਯੂਨੀਵਰਸਿਟੀ ਤੋਂ ਪ੍ਰੈਫੈਸਰ ਡਾ: ਅਮਿਤ ਧੀਰ ਨਾਲ ਗੋਲਮੇਜ਼ ਮੀਟਿੰਗ ਦੌਰਾਨ ਸ੍ਰੀ ਬ੍ਰਮ ਸ਼ੰਕਰ ਜਿੰਪਾ ਨੇ ਪਾਣੀ ਅਤੇ ਗੰਦੇ ਪਾਣੀ ਦੀਆਂ ਚੁਣੌਤੀਆਂ ਨਾਲ ਨਜਿੱਠਣ ਲਈ ਭਾਰਤ ਦੀ ਸਹਾਇਤਾ ਲਈ ਇਜ਼ਰਾਈਲ ਦੁਆਰਾ ਨਿਭਾਈ ਗਈ ਭੂਮਿਕਾ ਦੀ ਸ਼ਲਾਘਾ ਕੀਤੀ।

ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਵਿੱਚ ਧਰਤੀ ਹੇਠਲੇ ਪਾਣੀ ਦੇ ਡਿੱਗ ਰਹੇ ਪੱਧਰ ਨੂੰ ਲੈ ਕੇ ਬਹੁਤ ਚਿੰਤਤ ਹੈ ਅਤੇ ਪੇਂਡੂ ਖੇਤਰਾਂ ਵਿੱਚ ਛੱਪੜਾਂ ਦੇ ਪਾਣੀ ਦੀ ਗੁਣਵੱਤਾ ਵਿੱਚ ਸੁਧਾਰ ਲਈ ਯਤਨ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਪਿਛਲੇ 35-40 ਸਾਲਾਂ ਦੌਰਾਨ ਪਿੰਡਾਂ ਵਿੱਚ ਧਰਤੀ ਹੇਠਲੇ ਪਾਣੀ ਦੀ ਉਪਲਬਧਤਾ ਵਿੱਚ ਕਾਫੀ ਕਮੀ ਆਈ ਹੈ।

ਧਰਤੀ ਹੇਠਲੇ ਪਾਣੀ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਮੀਂਹ ਦੇ ਪਾਣੀ ਦੀ ਵਰਤੋਂ ਤੇ ਜੋਰ ਦਿੰਦਿਆਂ, ਜਲ ਸਪਲਾਈ ਤੇ ਸੈਨੀਟੇਸ਼ਨ ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਸੂਬੇ ਦੀਆਂ ਸਾਰੀਆਂ ਇਮਾਰਤਾਂ ਵਿੱਚ ਪਾਣੀ ਨੂੰ ਰਿਚਾਰਜ ਕਰਨ ਦੀ ਪ੍ਰਣਾਲੀ ਨੂੰ ਲਾਜ਼ਮੀ ਕਰ ਦਿੱਤਾ ਹੈ। ਇਸ ਮੌਕੇ ਉਨ੍ਹਾਂ ਹੁਸ਼ਿਆਰਪੁਰ ਵਿੱਚ ਗੰਦੇ ਪਾਣੀ ਦੇ ਟਰੀਟਮੈਂਟ ਪਲਾਂਟਾਂ ਦਾ ਦੌਰਾ ਕਰਨ ਦਾ ਆਪਣਾ ਤਜਰਬਾ ਵੀ ਸਾਂਝਾ ਕੀਤਾ, ਜਿੱਥੇ ਗੰਦੇ ਪਾਣੀ ਨੂੰ ਸਾਫ ਕਰਕੇ ਸੰਚਾਈ ਲਈ ਵਰਤੋਂ ਕੀਤੀ ਜਾ ਰਹੀ ਹੈ।

ਨਵੀਂਆਂ ਤਕਨੀਕਾਂ ਨੂੰ ਅਪਣਾਉਣ ਵਿੱਚ ਪੰਜਾਬ ਰਾਜ ਦਾ ਪੂਰਾ ਸਹਿਯੋਗ ਕਰਨ ਦਾ ਭਰੋਸਾ ਦਿੰਦਿਆਂ, ਡਾ: ਲਿਓਰ ਆਸਫ ਨੇ ਦੱਸਿਆ ਕਿ ਇਜ਼ਰਾਈਲ ਦੇ ਜਲ ਸਰੋਤਾਂ ਵਿੱਚ ਲਗਭਗ ਅੱਧਾ ਪਾਣੀ ਸਮੁੰਦਰ ਦੇ ਸਾਫ ਕੀਤੇ ਪਾਣੀ, ਰੀਸਾਈਕਲ ਪਾਣੀ ਅਤੇ ਰਿਚਾਰਜਡ ਕੀਤੇ ਪਾਣੀ ਤੋਂ ਆਉਂਦਾ ਹੈ, ਜਦੋਂ ਕਿ 1980 ਤੱਕ ਦੇਸ਼ ਸਿਰਫ ਕੁਦਰਤੀ ਪਾਣੀ ਦੀ ਵਰਤੋਂ ‘ਤੇ ਨਿਰਭਰ ਕਰਦਾ ਸੀ। ਉਨ੍ਹਾਂ ਕਿਹਾ ਕਿ ਇਜ਼ਰਾਈਲ ਨੇ ਅਜਿਹੀਆਂ ਤਕਨੀਕਾਂ ਵਿਕਸਿਤ ਕੀਤੀਆਂ ਹਨ ਜਿਸ ਨਾਲ 90% ਗੰਦਾ ਪਾਣੀ ਮੁੜ ਵਰਤਨਯੋਗ ਹੋ ਜਾਂਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਇਜ਼ਰਾਈਲ ਵਿੱਚ ਹਰੇਕ ਸੀਵਰੇਜ ਟਰੀਟਮੈਂਟ ਪਲਾਂਟ ਨੂੰ ਖੇਤੀਬਾੜੀ ਜ਼ਮੀਨਾਂ ਦੇ ਨੇੜੇ ਵਿਕਸਤ ਕੀਤਾ ਗਿਆ ਹੈ ਤਾਂ ਜੋ ਸਾਫ ਕੀਤੇ ਪਾਣੀ ਨੂੰ ਸਿੰਚਾਈ ਲਈ ਵਰਤਿਆ ਜਾ ਸਕੇ।

ਇਜ਼ਰਾਈਲ ਦੁਆਰਾ ਵੱਖ-ਵੱਖ ਤਕਨੀਕਾਂ ਦੇ ਸੁਮੇਲ ਨਾਲ ਵਿਕਸਤ ਕੀਤੇ ਹੱਲਾਂ ਬਾਰੇ ਕੇਸ ਅਧਿਐਨ ਪੇਸ਼ ਕਰਦਿਆਂ, ਡਾ: ਲਿਓਰ ਨੇ ਕਿਹਾ ਕਿ ਇਜ਼ਰਾਈਲ ਦੁਆਰਾ ਵਿਕਸਤ ਕੀਤੀਆਂ ਗਈਆਂ ਤਕਨੀਕਾਂ ਭਾਰਤੀ ਲੋੜਾਂ ਦੇ ਅਨੁਕੂਲ ਹੀ ਹਨ। ਉਨ੍ਹਾਂ ਕਿਹਾ ਕਿ ਪਾਣੀ ਦੀ ਗੁਣਵੱਤਾ, ਸੈਨੀਟੇਸ਼ਨ ਅਤੇ ਭੂਮੀਗਤ ਪਾਣੀ ਦੇ ਰੀਚਾਰਜ ਨਾਲ ਸਬੰਧਤ ਚੁਣੌਤੀਆਂ ਨੂੰ ਸਫਲਤਾਪੂਰਵਕ ਹੱਲ ਕਰਨ ਵਿੱਚ ਭਾਈਚਾਰਕ ਸ਼ਮੂਲੀਅਤ, ਹਿੱਸੇਦਾਰਾਂ ਦੀ ਸਮਰੱਥਾ ਨਿਰਮਾਣ ਅਤੇ ਨਿੱਜੀ ਖੇਤਰ ਦੀ ਹਿੱਸੇਦਾਰੀ ਮੁੱਖ ਭੂਮਿਕਾ ਨਿਭਾਉਂਦੇ ਹਨ।

Leave a Reply