ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਇੰਚਾਰਜ ਹਰੀਸ਼ ਚੌਧਰੀ ਨੇ ਸਖ਼ਤ ਕਾਰਵਾਈ ਕਰਦਿਆਂ ਸਾਬਕਾ ਵਿਧਾਇਕ ਸੁਸ਼ੀਲ ਕੁਮਾਰ ਰਿੰਕੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਦੇ ਦੋਸ਼ ਵਿੱਚ ਅੱਜ ਪਾਰਟੀ ਵਿੱਚੋਂ ਕੱਢ ਦਿੱਤਾ ਹੈ।

ਇਸ ਘਟਨਾਕ੍ਰਮ ‘ਤੇ ਪ੍ਰਤੀਕਿਰਿਆ ਦਿੰਦਿਆਂ ਪ੍ਰਦੇਸ਼ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ, ”ਕਾਂਗਰਸ ਪਾਰਟੀ ਕਦੇ ਵੀ ਨੈਤਿਕਤਾ ਅਤੇ ਨੈਤਿਕ ਕਦਰਾਂ-ਕੀਮਤਾਂ ਨਾਲ ਸਮਝੌਤਾ ਨਹੀਂ ਕਰਦੀ। ਇਹ ਆਪਣੇ ਆਗੂਆਂ ਦੇ ਨਾਲ-ਨਾਲ ਵਰਕਰਾਂ ਦਾ ਵੀ ਸਨਮਾਨ ਕਰਦਾ ਹੈ ਪਰ ਧੋਖੇਬਾਜ਼ਾਂ ਲਈ ਪਾਰਟੀ ਵਿੱਚ ਕੋਈ ਥਾਂ ਨਹੀਂ ਹੈ।”

ਰਿੰਕੂ ਦੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਮੀਡੀਆ ਨਾਲ ਗੱਲ ਬਾਤ ਕਰਦੇ ਹੋਏ, ਪੀਸੀਸੀ ਪ੍ਰਧਾਨ ਨੇ ਕਿਹਾ ਕਿ ਮੈਂ ਹੈਰਾਨ ਹਾਂ ਕਿ ਜਲੰਧਰ ਪੱਛਮੀ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੁਰਾਲ ਲਗਾਤਾਰ ਰਿੰਕੂ ਨੂੰ ਬੁਰਾ-ਭਲਾ ਆਖਦੇ ਸੀ ਅਤੇ ਦਾਅਵਾ ਕਰਦੇ ਸੀ ਕਿ ਉਸ ਨੂੰ ਰਿੰਕੂ ਦੀਆਂ ਗੈਰ-ਕਾਨੂੰਨੀ ਗਤੀਵਿਧੀਆਂ ਬਾਰੇ ਜਾਣਕਾਰੀ ਸੀ ਜੋ ਕਦੇ ਵੀ ਜ਼ਾਹਰ ਨਹੀਂ ਕੀਤੀਆਂ ਗਈਆਂ। ਮੈਨੂੰ ਯਕੀਨ ਹੈ ਕਿ ‘ਆਪ’ ਲੀਡਰਸ਼ਿਪ ਰਸਮੀ ਤੌਰ ‘ਤੇ ਸ਼ਾਮਲ ਹੋਣ ਤੋਂ ਬਾਅਦ ਉਨ੍ਹਾਂ ਦੇ ਅਕਸ ਨੂੰ ਸਾਫ਼ ਕਰਨ ਲਈ ਕੰਮ ਕਰੇਗੀ।

ਰਿੰਕੂ ਦੇ ਸ਼ਾਮਲ ਹੋਣ ‘ਤੇ ਹੈਰਾਨੀ ਪ੍ਰਗਟ ਕਰਦੇ ਹੋਏ ਵੜਿੰਗ ਨੇ ਅੱਗੇ ਕਿਹਾ, ਹੈਰਾਨੀ ਵਾਲੀ ਗੱਲ ਇਹ ਹੈ ਕਿ 92 ਵਿਧਾਇਕਾਂ ਨਾਲ ਪੰਜਾਬ ਵਿੱਚ ਸਰਕਾਰ ਬਣਾਉਣ ਵਾਲੀ ਆਮ ਆਦਮੀ ਪਾਰਟੀ ਕੋਲ ਜਲੰਧਰ ਦੀ ਜ਼ਿਮਨੀ ਚੋਣ ਲੜਨ ਲਈ ਇੱਕ ਵੀ ਉਮੀਦਵਾਰ ਨਹੀਂ ਹੈ? ਜੋ ਕਦੇ ਆਪਣੇ ਆਪ ਨੂੰ ਬਹੁਤ ਈਮਾਨਦਾਰ ਆਖਦੇ ਸੀ ਅੱਜ ਉਸ ਪਾਰਟੀ ਨੂੰ ਦੂਸਰੀਆਂ ਪਾਰਟੀਆਂ ਦੇ ਦਾਗੀ ਨੇਤਾਵਾਂ ਨੂੰ ਖਰੀਦਣਾ ਕਿਓ ਪੈ ਰਿਹਾ ਹੈ? ਪੰਜਾਬ ਦੇ ਲੋਕ ‘ਆਪ’ ਦੇ ਝੂਠੇ ਅਤੇ ਧੋਖੇਬਾਜ਼ ਚਿਹਰੇ ਤੋਂ ਜਾਣੂ ਹਨ ਅਤੇ ਲੋਕ ਹੀ ਇਨ੍ਹਾਂ ਨੂੰ ਜਲੰਧਰ ਦੀ ਜ਼ਿਮਨੀ ਚੋਣ ‘ਚ ਸਬਕ ਸਿਖਾਉਣਗੇ।

ਵੜਿੰਗ ਨੇ ਆਪ ‘ਤੇ ਨਿਸ਼ਾਨਾ ਸਾਧਦਿਆਂ ਕਿਹਾ, ‘ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਇਸ ਗੱਲ ‘ਤੇ ਸਫਾਈ ਦੇਣੀ ਚਾਹੀਦੀ ਹੈ ਕਿ ਜੇਕਰ ਉਨ੍ਹਾਂ ਦੇ ਆਪਣੇ ਵਿਧਾਇਕ ਸ਼ੀਤਲ ਅੰਗੂਰਾਲ ਕੋਲ ਸੁਸ਼ੀਲ ਕੁਮਾਰ ਰਿੰਕੂ ਦੇ ਖਿਲਾਫ ਸਬੂਤ ਸਨ ਤਾਂ ਉਨ੍ਹਾਂ ਨੇ ਰਿੰਕੂ ਨੂੰ ਪਾਰਟੀ ਵਿਚ ਸ਼ਾਮਲ ਕਿਉਂ ਕੀਤਾ? ਆਪ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੰਜਾਬੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਰਿੰਕੂ ਕਿਹੜੇ ਭ੍ਰਿਸ਼ਟ ਕੰਮਾਂ ਵਿਚ ਸ਼ਾਮਲ ਸੀ ਅਤੇ ਰਿੰਕੂ ਨੂੰ ‘ਆਪ’ ਵਿਚ ਸ਼ਾਮਲ ਕਰਨ ਲਈ ਉਸ ਨੂੰ ਕੀ ਲਾਭ ਦਿੱਤੇ ਗਏ?

ਕਾਂਗਰਸ ਪਾਰਟੀ ਦਾ ਹਰ ਆਗੂ, ਵਰਕਰ ਅਤੇ ਸਮਰਥਕ ਸੂਬੇ ਅਤੇ ਦੇਸ਼ ਦੀ ਭਲਾਈ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ ਅਤੇ ਜਲੰਧਰ ਜ਼ਿਮਨੀ ਚੋਣ ਵਿੱਚ ਅਸੀਂ ਜ਼ਰੂਰ ਜੇਤੂ ਬਣਾਂਗੇ। ਜਲੰਧਰ ਦੇ ਲੋਕ ‘ਆਪ’ ਦੇ ਭ੍ਰਿਸ਼ਟ ਅਮਲਾਂ ਨੂੰ ਦੇਖ ਕੇ ਇਸ ਦੇ ਭਰਮ ਦਾ ਪਰਦਾਫਾਸ਼ ਕਰਨਗੇ। ਵੜਿੰਗ ਨੇ ਅੱਗੇ ਕਿਹਾ ਕਿ ਆਪ ਪਾਰਟੀ ਨੇ ਜਲੰਧਰ ਵਿੱਚ ਜਿਨ੍ਹਾਂ ਦੇ ਘਰਾਂ ਨੂੰ ਢਾਹਿਆ ਸੀ ਓਹੀ ਲੋਕ ਇਨ੍ਹਾਂ ਨੂੰ ਗਲਤ ਕੰਮਾਂ ਦਾ ਮੂੰਹ ਤੋੜ ਜਵਾਬ ਦੇਣਗੇ।

Leave a Reply