ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਭਗਵੰਤ ਮਾਨ ਵੱਲੋਂ ਦਾਗੀ ਮੰਤਰੀ ਫੌਜਾ ਸਿੰਘ ਸਰਾਰੀ ਨੂੰ ਕੈਬਨਿਟ ਚੋਂ ਬਾਹਰ ਨਾ ਕਰਨਾ ਅਤੇ ਪ੍ਰੋ: ਬਲਜਿੰਦਰ ਕੌਰ ਨੂੰ ਪਿਛਲੇ ਦਰਵਾਜ਼ੇ ਰਾਹੀੰ ਕੈਬਨਿਟ ਰੈੰਕ ਦਾ ਰੁਤਬਾ ਦੇਣ ਦੀ ਸਖ਼ਤ ਸ਼ਬਦਾਂ ਚ ਆਲੋਚਨਾ ਕੀਤੀ ਹੈ।

ਬਾਜਵਾ ਨੇ ਕਿਹਾ ਕਿ ਪ੍ਰੋ: ਬਲਜਿੰਦਰ ਕੌਰ ਬਿਨਾਂ ਸ਼ੱਕ ਦੋ ਵਾਰ ਵਿਧਾਇਕ ਰਹਿ ਚੁੱਕੇ ਹਨ ਅਤੇ ਮਾਨ ਸਰਕਾਰ ਪ੍ਰੋ: ਬਲਜਿੰਦਰ ਕੌਰ ਨੂੰ ਮੰਤਰੀ ਮੰਡਲ ‘ਚ ਸ਼ਾਮਲ ਨਹੀਂ ਕਰਨਾ ਚਾਹੁੰਦੀ ਪਰ ਉਨ੍ਹਾਂ ਨੂੰ ਪਾਰਟੀ ਦੀ ਚੀਫ਼ ਵ੍ਹਿਪ ਦੇ ਨਾਲ ਕੈਬਨਿਟ ਰੈੰਕ ਦਿੱਤਾ ਜਾ ਰਿਹਾ ਹੈ ਤਾਂ ਜੋ ਉਹ ਬਾਗੀ ਨਾ ਹੋ ਜਾਣ।

ਬਾਜਵਾ ਨੇ ਭਗਵੰਤ ਮਾਨ ਵੱਲੋੰ ਸਰਾਰੀ ਨੂੰ ਮੰਤਰੀ ਮੰਡਲ ਚੋਂ ਬਾਹਰ ਨਾ ਕੀਤੇ ਜਾਣ ਦੀ ਸਖ਼ਤ ਆਲੋਚਨਾ ਕਰਦਿਆਂ ਕਿਹਾ ਕਿ ਸਰਾਰੀ ਨੂੰ ਆਪਣੇ ਨਿੱਜੀ ਸਹਾਇਕ ਤਰਸੇਮ ਲਾਲ ਕਪੂਰ ਨਾਲ ਠੇਕੇਦਾਰਾਂ ਤੋਂ ਪੈਸੇ ਲੈਣ ਦੀ ਯੋਜਨਾ ਤਿਆਰ ਕਰਦਿਆਂ ਸਾਰਿਆਂ ਨੇ ਅਡਿਓ ਕਲਿਪ ਰਾਹੀਂ ਸੁਣਿਆ ਸੀ ਪਰ ਹੈਰਾਨੀ ਦੀ ਗੱਲ ਹੈ ਕਿ ਉਸ ਉੱਤੇ ਹਾਲੇ ਤਕ ਕਾਰਵਾਈ ਨਹੀਂ ਕੀਤੀ ਗਈ।

ਬਾਜਵਾ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਅਤੇ ਗੁਜਰਾਤ ਵਿਧਾਨ ਸਭਾ ਚੋਣਾਂ ‘ਚ ‘ਆਪ’ ਦੇ ਦੋਹਰੇ ਮਾਪਦੰਡ ਦਾ ਪਰਦਾਫਾਸ਼ ਹੋ ਗਿਆ ਹੈ, ਜਿੱਥੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਬੁਰੀ ਤਰ੍ਹਾਂ ਹਾਰ ਗਏ ਹਨ। ਕੇਜਰੀਵਾਲ ਦੋਵਾਂ ਰਾਜਾਂ ਵਿੱਚ ਦਿੱਲੀ ਅਤੇ ਪੰਜਾਬ ਦੇ ਮਾਡਲਾਂ ਨੂੰ ਵੇਚਣ ਵਿੱਚ ਅਸਫ਼ਲ ਰਹੇ। ਹਿਮਾਚਲ ਪ੍ਰਦੇਸ਼ ਵਿਧਾਨ ਸਭਾ ਚੋਣਾਂ ‘ਚ ‘ਆਪ’ ਦੇ ਸਾਰੇ 68 ਉਮੀਦਵਾਰਾਂ ਦੀ ਜ਼ਮਾਨਤਾਂ ਜ਼ਬਤ ਹੋ ਗਈਆਂ, ਜਿੱਥੇ ਕੇਜਰੀਵਾਲ ਦੀ ਪਾਰਟੀ 1 ਫ਼ੀਸਦੀ ਵੋਟਾਂ ਵੀ ਹਾਸਲ ਕਰਨ ‘ਚ ਅਸਫ਼ਲ ਰਹੀ। ਇਸੇ ਤਰ੍ਹਾਂ ਗੁਜਰਾਤ ‘ਚ 128 ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋ ਗਈਆਂ।

ਬਾਜਵਾ ਨੇ ਕਿਹਾ ਕਿ ਇਹ ਹੁਣ ਕੋਈ ਭੇਤ ਨਹੀਂ ਰਿਹਾ ਹੈ ਕਿ ‘ਆਪ’ ਨੇ ਗੁਜਰਾਤ ‘ਚ ਭਾਜਪਾ ਵਿਰੁੱਧ ਲੜਾਈ ਨਹੀਂ ਲੜੀ ਕਿਉਂਕਿ ਜੇਕਰ ਅਜਿਹਾ ਹੁੰਦਾ ਤਾਂ ਭਗਵਾ ਪਾਰਟੀ ਹੁਣ ਤੱਕ ਦੀ ਸਭ ਤੋਂ ਵੱਡੀ ਜਿੱਤ ਦਰਜ਼ ਨਹੀਂ ਕਰ ਸਕਦੀ ਸੀ। ਸਗੋਂ ‘ਆਪ’ ਕਾਂਗਰਸ ਦੀ ਹਾਰ ਯਕੀਨੀ ਬਣਾਉਣ ਲਈ ਹੀ ਗੁਜਰਾਤ ਗਈ ਸੀ, ਜੋ ਕਿ ਵੱਖ-ਵੱਖ ਹਲਕਿਆਂ ਦੇ ਨਤੀਜਿਆਂ ਤੋਂ ਸਪੱਸ਼ਟ ਹੈ।

Leave a Reply