ਜਲੰਧਰ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸੱਤਾ ਸੰਭਾਲਣ ਤੋਂ ਬਾਅਦ ਤੋਂ ਹੀ ਪੰਜਾਬ ਦੇ ਉਦਯੋਗਪਤੀਆਂ ਨੂੰ ਪੂਰੀ ਤਰਾਂ ਨਾਲ ਨਜ਼ਰਅੰਦਾਜ਼ ਕਰ ਲਈ ਸਖ਼ਤ ਨਿਖੇਧੀ ਕੀਤੀ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਹੁਣ ਜਲੰਧਰ ਲੋਕ ਸਭਾ ਜ਼ਿਮਨੀ ਚੋਣ ਨੂੰ ਮੁੱਖ ਰੱਖਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਆਪ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਨਾਲ ਮਿਲ ਕੇ ਜਲੰਧਰ ਦੇ ਸਨਅਤਕਾਰਾਂ ਨਾਲ ਮੀਟਿੰਗ ਕੀਤੀ। ਦਰਅਸਲ, ਇਹ ਸਿਰਫ਼ ਜਲੰਧਰ ਜ਼ਿਮਨੀ ਚੋਣ ਹੈ ਜਿਸ ਕਰ ਕੇ ਵਿੱਤ ਮੰਤਰੀ ਜਲੰਧਰ ਦੇ ਉਦਯੋਗਪਤੀਆਂ ਨੂੰ ਮਿਲਣ ਆਏ। ਪਿਛਲੇ 14 ਮਹੀਨਿਆਂ ਤੋਂ ਉਹ ਕਿੱਥੇ ਸਨ?

ਉਨ੍ਹਾਂ ਕਿਹਾ ਕਿ ਸਿਰਫ਼ ਜਲੰਧਰ ਦੀ ਜ਼ਿਮਨੀ ਚੋਣ ਨੇ ‘ਆਪ’ ਨੂੰ ਪੰਜਾਬ ਦੇ ਉਦਯੋਗਪਤੀਆਂ ਦੀ ਯਾਦ ਦਵਾਈ ਹੈ, ਨਹੀਂ ਤਾਂ ਇਹ ਉਨ੍ਹਾਂ ਦੇ ਏਜੰਡੇ ‘ਤੇ ਕਦੇ ਨਹੀਂ ਰਹੇ।

“ਆਪ’ ਸਰਕਾਰ ਕੋਲ ਇਹ ਸਾਬਤ ਕਰਨ ਲਈ ਇੱਕ ਵੀ ਸਬੂਤ ਨਹੀਂ ਹੈ ਕਿ ਉਨ੍ਹਾਂ ਨੇ ਪੰਜਾਬ ਦੀ ਇੰਡਸਟਰੀ ਨੂੰ ਬਚਾਉਣ ਲਈ ਕੁੱਝ ਵੀ ਕੀਤਾ ਸੀ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਜ਼ਰੂਰ ਦੱਸਣਾ ਚਾਹੀਦਾ ਹੈ ਕਿ ਉਨ੍ਹਾਂ ਨੇ ਹੁਣ ਤੱਕ ਪੰਜਾਬ ਦੇ ਸਨਅਤਕਾਰਾਂ ਲਈ ਕੀ ਕੀਤਾ ਹੈ। ਬਾਜਵਾ ਨੇ ਅੱਗੇ ਕਿਹਾ ਕਿ ਉਨ੍ਹਾਂ ਕੋਲ ਕੋਈ ਜਵਾਬ ਨਹੀਂ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਮਾਨ ਨੂੰ ਸੱਤਾ ਮਿਲੀ ਹੈ, ਉਨ੍ਹਾਂ ਨੇ ਪੰਜਾਬ ਦੇ ਉਦਯੋਗ ਅਤੇ ਕਾਰੋਬਾਰਾਂ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ। ਸੂਬੇ ਦੀ ਸਨਅਤ ਨੂੰ ਬਚਾਉਣ ਦੀ ਥਾਂ ਉਨ੍ਹਾਂ ਨੇ ਦੂਜੇ ਸੂਬਿਆਂ ਦੇ ਸਨਅਤਕਾਰਾਂ ਨੂੰ ਭਰਮਾਉਣ ਲਈ ਵਿਅਰਥ ਕੋਸ਼ਿਸ਼ਾਂ ਕੀਤੀਆਂ। ਜਦੋਂ ਉਹ ਅਜਿਹਾ ਹੀ ਕਰ ਰਿਹਾ ਸਨ, ਪੰਜਾਬ ਦੀ ਇੰਡਸਟਰੀ ਯੂਪੀ ਵੱਲ ਚਲੀ ਗਈ।

ਵਿਰੋਧੀ ਧਿਰ ਦੇ ਆਗੂ ਨੇ ਵਿਅੰਗਾਤਮਿਕ ਢੰਗ ਨਾਲ ਕਿਹਾ, “‘ਆਪ’ ਨੇ ਉਦਯੋਗ ਦਾ ਇੱਕੋ ਇੱਕ ਪੱਖ ਇਹ ਕੀਤਾ ਹੈ ਕਿ ਉਦਯੋਗਿਕ ਬਿਜਲੀ ਦਰਾਂ ਵਿੱਚ 50 ਪੈਸੇ ਪ੍ਰਤੀ ਯੂਨਿਟ ਦਾ ਵਾਧਾ ਕੀਤਾ ਗਿਆ ਹੈ।

ਕਲ ਉਦਯੋਗਪਤੀਆਂ ਨਾਲ ਇੱਕ ਮੀਟਿੰਗ ਵਿੱਚ ‘ਆਪ’ ਉਮੀਦਵਾਰ ਰਿੰਕੂ ਨੇ ਕਿਹਾ, “ਇਹ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਕਿ ਉਹ ਉਦਯੋਗਾਂ ਦੇ ਵਿਕਾਸ ਲਈ ਢੁਕਵਾਂ ਮਾਹੌਲ ਪੈਦਾ ਕਰਨ।”

ਇਸ ‘ਤੇ ਬਾਜਵਾ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਸਰਕਾਰ ਉਦਯੋਗਾਂ ਦੇ ਵਿਕਾਸ ਵਿੱਚ ਅਹਿਮ ਭੂਮਿਕਾ ਨਿਭਾਉਂਦੀ ਹੈ, ਪਰ ਫਿਰ ਵੀ ਉਨ੍ਹਾਂ ਨੇ ਉਦਯੋਗ ਦੇ ਸੁਚਾਰੂ ਕੰਮਕਾਜ ਲਈ ਕੁੱਝ ਨਹੀਂ ਕੀਤਾ।

ਇੱਕ ਬਿਆਨ ਰਾਹੀਂ ਬਾਜਵਾ ਨੇ ਕਿਹਾ ਕਿ ਮਾਨ ਸਰਕਾਰ ਦੀਆਂ ਗ਼ਲਤ ਨੀਤੀਆਂ ਨੇ ਹੀ ਸਨਅਤਕਾਰਾਂ ਨੂੰ ਦੂਜੇ ਸੂਬਿਆਂ ਵੱਲ ਜਾਣ ਲਈ ਮਜਬੂਰ ਕਰ ਦਿੱਤਾ।

Leave a Reply