ਓਟਵਾ:ਕੈਨੇਡਾ ਡੇ ਤੋਂ ਥੋੜ੍ਹੇ ਹੀ ਸਮੇਂ ਪਹਿਲਾਂ, ਕੈਨੇਡਾ ਸਰਕਾਰ ਨੇ ਡਿਜੀਟਲ ਸਰਵਿਸ ਟੈਕਸ (DST) ਨੂੰ ਰੱਦ ਕਰਨ ਦਾ ਐਲਾਨ ਕਰ ਦਿੱਤਾ। ਇਹ ਉਹੀ ਟੈਕਸ ਸੀ ਜਿਸ ਨੂੰ ਲੈ ਕੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡਾ ਨਾਲ ਵਪਾਰ ਚਰਚਾ ਰੋਕ ਦਿੱਤੀਆਂ ਸਨ। ਟਰੰਪ ਨੇ ਇਸ ਟੈਕਸ ਨੂੰ ‘ਸਿੱਧਾ ਹਮਲਾ’ ਦੱਸਦੇ ਹੋਏ ਕਨੇਡਾ ਨੂੰ 51ਵਾਂ ਅਮਰੀਕੀ ਸਟੇਟ ਬਣਾਉਣ ਦੀ ਧਮਕੀ ਵੀ ਦਿੱਤੀ। ਇਸ ਫੈਸਲੇ ਕਾਰਨ ਕਈ ਕਨੇਡੀਆਈ ਨਾਰਾਜ਼ ਹਨ ਅਤੇ ਸੋਸ਼ਲ ਮੀਡੀਆ ‘ਤੇ ਆਪਣਾ ਗੁੱਸਾ ਜ਼ਾਹਰ ਕਰ ਰਹੇ ਹਨ।
ਦੱਸ ਦਈਏ ਇਹ ਟੈਕਸ ਐਮੇਜ਼ਾਨ, ਗੂਗਲ, ਐਪਲ ਵਰਗੀਆਂ ਵੱਡੀਆਂ ਕੰਪਨੀਆਂ ਉੱਤੇ ਲੱਗਣਾ ਸੀ ਜੋ ਕੈਨੇਡਾ ਤੋਂ $20 ਮਿਲੀਅਨ ਤੋਂ ਵੱਧ ਆਮਦਨ ਇਕੱਤਰ ਕਰਦੀਆਂ ਹਨ। ਸਰਕਾਰ ਦਾ ਕਹਿਣਾ ਹੈ ਕਿ ਇਹ ਟੈਕਸ 2020 ਵਿੱਚ ਇਸ ਵਾਸਤੇ ਲਿਆਂਦਾ ਗਿਆ ਸੀ ਤਾਂ ਜੋ ਇਹ ਕੰਪਨੀਆਂ ਆਪਣੇ ਹਿੱਸੇ ਦਾ ਟੈਕਸ ਭਰਨ। ਹੁਣ ਇਹ ਟੈਕਸ ਹਟਾ ਕੇ ਉਮੀਦ ਕੀਤੀ ਜਾ ਰਹੀ ਹੈ ਕਿ 21 ਜੁਲਾਈ ਤੱਕ ਅਮਰੀਕਾ ਨਾਲ ਨਵਾਂ ਵਪਾਰ ਸਮਝੌਤਾ ਹੋ ਜਾਵੇਗਾ।
ਅਮਰੀਕਾ ਦੇ ਕਾਮਰਸ ਸੈਕਰੇਟਰੀ ਹੋਵਰਡ ਲੁਟਨਿਕ ਨੇ ਕੈਨੇਡਾ ਦਾ ਡਿਜੀਟਲ ਸਰਵਿਸ ਟੈਕਸ ਰੱਦ ਕਰਨ ਲਈ ਧੰਨਵਾਦ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਟੈਕਸ ਅਮਰੀਕਾ ਨਾਲ ਕਿਸੇ ਵੀ ਵਪਾਰ ਸਮਝੌਤੇ ਨੂੰ ਰੋਕ ਸਕਦਾ ਸੀ। ਇਹ ਫੈਸਲਾ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਅਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਦਰਮਿਆਨ ਹੋਈ ਫੋਨ ਕਾਲ ਤੋਂ ਬਾਅਦ ਆਇਆ।