ਓਟਵਾ:ਕੈਨੇਡਾ ਦੀ ਅਰਥਵਿਵਸਥਾ 2025 ਦੀ ਪਹਿਲੀ ਤਿਮਾਹੀ ਵਿੱਚ ਉਮੀਦ ਤੋਂ ਵੱਧ ਗਤੀ ਨਾਲ ਵਧੀ ਹੈ। ਇਹ ਵਾਧਾ ਮੁੱਖ ਤੌਰ ‘ਤੇ ਅਮਰੀਕਾ ਦੀਆਂ ਕੰਪਨੀਆਂ ਵੱਲੋਂ ਟਰੰਪ ਵੱਲੋਂ ਲਗਾਏ ਜਾਣ ਵਾਲੇ ਟੈਰੀਫ਼ ਤੋਂ ਪਹਿਲਾਂ ਕੈਨੇਡੀਅਨ ਸਮਾਨ ਖਰੀਦਣ ਦੀ ਹੜਬੜੀ ਕਾਰਨ ਹੋਇਆ। GDP ਸਾਲਾਨਾ ਅਧਾਰ ‘ਤੇ 2.2% ਵਧੀ। ਹਾਲਾਂਕਿ ਘਰੇਲੂ ਖਰਚੇ ਅਤੇ ਅੰਦਰੂਨੀ ਮੰਗ ਵਿੱਚ ਕਮੀ ਆਈ ਹੈ, ਜੋ ਦਰਸਾਉਂਦੀ ਹੈ ਕਿ ਦੇਸ਼ ਅੰਦਰ ਅਰਥਵਿਵਸਥਾ ਨੂੰ ਥੋੜੀ ਚੁਣੌਤੀ ਆ ਰਹੀ ਹੈ। ਜੇਕਰ ਟੈਰੀਫ਼ ਜਾਰੀ ਰਹੇ ਤਾਂ ਇਹ ਰੁਝਾਨ ਬਣਿਆ ਰਹਿ ਸਕਦਾ ਹੈ। ਇਹ ਅੰਕੜੇ ਬੈਂਕ ਆਫ ਕੈਨੇਡਾ ਵੱਲੋਂ ਬਿਆਜ ਦਰਾਂ ਨੂੰ ਘਟਾਉਣ ਜਾਂ ਜਿਉਂ ਦਾ ਤਿਉਂ ਰੱਖਣ ਦੇ ਫੈਸਲੇ ‘ਤੇ ਅਸਰ ਪਾਉਣਗੇ। ਇਸ ਵੇਲੇ ਬਿਆਜ ਦਰ 2.75% ਹੈ। ਡਾਟਾ ਆਉਣ ਤੋਂ ਬਾਅਦ ਕੈਨੇਡੀਅਨ ਡਾਲਰ ਅਤੇ ਬੌਂਡ ਦਰਾਂ ‘ਚ ਵਾਧਾ ਦਰਜ ਕੀਤਾ ਗਿਆ ਹੈ।