ਮੈਟਰੋ ਵੈਂਕੂਵਰ:ਨਿਊ ਵੈਸਟਮਿਨਸਟਰ ਦੇ ਕੌਂਸਲਰ ਡੈਨੀਅਲ ਫੋਂਟੇਨ ਨੇ ਮੈਟਰੋ ਵੈਂਕੂਵਰ ਦੇ ਚੁਣੇ ਹੋਏ ਨੇਤਾਵਾਂ ਦੀ ਤਨਖਾਹ ‘ਤੇ ਕੈਪ ਲਗਾਉਣ ਦੀ ਮੰਗ ਕੀਤੀ ਹੈ, ਕਿਉਂਕਿ ਕਈ ਮੇਅਰ ਬੀ.ਸੀ. ਦੇ ਕੈਬਨਿਟ ਮੰਤਰੀਆਂ (ਜਿਨ੍ਹਾਂ ਦੀ ਤਨਖਾਹ ਕਰੀਬ $180,000 ਹੈ) ਨਾਲੋਂ ਵੱਧ ਕਮਾ ਰਹੇ ਹਨ। 2024 ਵਿੱਚ ਚਾਰ ਮੇਅਰਾਂ ਦੀ ਆਮਦਨ $300,000 ਤੋਂ ਵੀ ਵੱਧ ਸੀ, ਜਿਵੇਂ ਕਿ ਰਿਚਮੰਡ ਦੇ ਮੇਅਰ ਮੈਲਕਮ ਬਰੋਡੀ ਦੀ ਕੁੱਲ ਆਮਦਨ $379,974 ਸੀ। ਇਹ ਰਕਮ ਮੇਅਰ ਦੀ ਮੁੱਢਲੀ ਤਨਖਾਹ ਤੋਂ ਇਲਾਵਾ, ਟ੍ਰਾਂਜ਼ਲਿੰਕ ਅਤੇ ਮੈਟਰੋ ਵੈਂਕੂਵਰ ਵਰਗੀਆਂ ਖੇਤਰੀ ਏਜੰਸੀਆਂ ‘ਚ ਕਮੇਟੀਆਂ ਚ ਚੁਣੇ ਜਾਣ ਕਾਰਨ ਮਿਲਦੀ ਹੈ।
ਫੋਂਟੇਨ ਕਹਿੰਦੇ ਹਨ ਕਿ ਇਹ ਜਾਣਕਾਰੀ ਕਿਸੇ ਇਕ ਥਾਂ ਉਪਲਬਧ ਨਹੀਂ ਸੀ, ਇਸ ਲਈ ਉਨ੍ਹਾਂ ਨੇ ਆਪ ਹੀ ਇਹ ਅੰਕੜੇ ਇਕੱਠੇ ਕੀਤੇ ਹਨ। ਉਹ ਪ੍ਰੀਮੀਅਰ ਡੇਵਿਡ ਈਬੀ ਅਤੇ ਮੈਟਰੋ ਵੈਂਕੂਵਰ ਨੂੰ ਅਪੀਲ ਕਰ ਰਹੇ ਹਨ ਕਿ ਤਨਖਾਹਾਂ ‘ਤੇ ਕੈਪ ਲਾਈ ਜਾਵੇ। ਡਿਲੋਇਟ ਦੀ ਇਕ ਰਿਪੋਰਟ ਵੀ ਇਹੀ ਸਿਫਾਰਸ਼ ਕਰ ਰਹੀ ਹੈ ਕਿ ਜੇ ਇਹ ਕੈਪ ਲਾਈ ਜਾਵੇ ਤਾਂ ਪਿਛਲੇ ਸਾਲ ਟੈਕਸਦਾਤਿਆਂ ਦੇ ਲਗਭਗ $1.5 ਮਿਲੀਅਨ ਬਚ ਸਕਦੇ ਸਨ। ਫੋਂਟੇਨ ਦੱਸਦੇ ਹਨ ਕਿ ਇਹ ਕੰਮ ਬਿਨਾਂ ਕਿਸੇ ਸੂਬਾਈ ਕਾਨੂੰਨ ਦੇ ਵੀ ਕੀਤਾ ਜਾ ਸਕਦਾ ਹੈ, ਕਿਉਂਕਿ ਇਹ ਖੇਤਰੀ ਏਜੰਸੀਆਂ ਆਪਣੇ ਹੀ ਤਰੀਕੇ ਨਾਲ ਤਨਖਾਹਾਂ ਨਿਰਧਾਰਤ ਕਰਦੀਆਂ ਹਨ।