ਵਾਸ਼ਿੰਗਟਨ :ਟ੍ਰੰਪ ਨੇ ਪਿਛਲੇ ਹਫ਼ਤੇ ਲਾਏ ਗਏ ਗਲੋਬਲ ਰੀਸਿਪਰੋਕਲ ਟੈਰਿਫ਼ 90 ਦਿਨਾਂ ਲਈ ਰੋਕ ਦਿੱਤੇ ਹਨ, ਪਰ ਚੀਨ ਉੱਤੇ ਟੈਰਿਫ਼ 125% ਕਰ ਦਿੱਤੇ ਹਨ।ਜਿਸਦੀ ਪੁਸ਼ਟੀ ਉਹਨਾਂ ਨੇ ਟਰੂਥ ਸੋਸ਼ਲ ‘ਤੇ ਇੱਕ ਪੋਸਟ ਕਰਕੇ ਇਸਦੀ ਪੁਸ਼ਟੀ ਕੀਤੀ ਹੈ। ਅੱਜ ਤੱਕ ਅਮਰੀਕਾ ਨੇ ਚੀਨ ਉੱਤੇ 104% ਟੈਰਿਫ਼ ਲਗਾਇਆ ਸੀ ਅਤੇ ਚੀਨ ਨੇ ਵੀ 84% ਟੈਰਿਫ਼ ਨਾਲ ਜਵਾਬ ਦਿੱਤਾ, ਜੋ ਕੱਲ੍ਹ ਤੋਂ ਲਾਗੂ ਹੋਵੇਗਾ। ਕੈਨੇਡਾ ਨੇ ਵੀ ਕੈਨੇਡਾ-ਯੂ.ਐੱਸ.-ਮੈਕਸੀਕੋ ਸਮਝੌਤੇ ਦੇ ਤਹਿਤ ਨਾ ਆਉਣ ਵਾਲੀਆਂ ਅਮਰੀਕੀ ਗੱਡੀਆਂ ਉੱਤੇ 25% ਟੈਰਿਫ਼ ਲਾਇਆ ਹੈ। ਯੂਰਪੀ ਯੂਨੀਅਨ 15 ਅਪ੍ਰੈਲ ਤੋਂ ਅਮਰੀਕਾ ਖ਼ਿਲਾਫ਼ ਜਵਾਬੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ।
ਆਰਥਿਕ ਮੰਡੀ ਵਿੱਚ ਉਥਲ-ਪੁਥਲ ਜਾਰੀ ਹੈ। ਸ਼ੇਅਰ ਮਾਰਕੀਟ ਹਿਲ ਰਹੀ ਹੈ ਅਤੇ ਬਾਂਡ ਮਾਰਕੀਟ ਨੂੰ ਲੈ ਕੇ ਵੀ ਚਿੰਤਾ ਹੈ। ਪਰ ਟੈਰਿਫ਼ ਰੋਕਣ ਦੀ ਖ਼ਬਰ ਕਾਰਨ ਐਨਰਜੀ ਸਟਾਕ ਚੜ੍ਹ ਰਹੇ ਹਨ। ਅਮਰੀਕੀ ਖ਼ਜਾਨਾ ਮੰਤਰੀ ਦਾ ਕਹਿਣਾ ਹੈ ਕਿ ਟ੍ਰੰਪ ਦੇ ਇਸ ਕਦਮ ਦਾ ਲਾਭ ਕਈ ਦੇਸ਼ਾਂ ਨੂੰ ਹੋ ਸਕਦਾ ਹੈ ਅਤੇ ਕਈ ਦੇਸ਼ ਹੁਣ ਵਪਾਰਕ ਸੌਦੇ ਕਰਨ ਲਈ ਤਿਆਰ ਹਨ। ਅਮਰੀਕਾ ਨੇ ਚੇਤਾਵਨੀ ਦਿੱਤੀ ਕਿ ਜਿਹੜੇ ਦੇਸ਼ ਜਵਾਬੀ ਟੈਰਿਫ਼ ਲਗਾਉਣਗੇ, ਉਨ੍ਹਾਂ ਨੂੰ ਭਾਰੀ ਨੁਕਸਾਨ ਹੋ ਸਕਦਾ ਹੈ।