ਬ੍ਰਿਟਿਸ਼ ਕੋਲੰਬੀਆ : ਦੋ ਕਨਜ਼ਰਵੇਟਿਵ ਐਮਐਲਏ, ਸਟੀਵ ਕੂਨਰ ਅਤੇ ਬ੍ਰਾਇਨ ਟੈਪਰ, ਬੀ.ਸੀ. ਦੀ ਐਨ.ਡੀ.ਪੀ. ਸਰਕਾਰ ਤੋਂ ਤੁਰੰਤ ਕਾਰਵਾਈ ਦੀ ਮੰਗ ਕਰ ਰਹੇ ਹਨ, ਕਿਉਂਕਿ ਸਰੀ ਦੇ ਪਨੋਰਮਾ ਰਿਜ ਇਲਾਕੇ ਵਿੱਚ ਇਕ ਘਰ ’ਤੇ 12 ਦਿਨਾਂ ਵਿੱਚ ਦੋ ਵਾਰ ਗੋਲੀਆਂ ਚਲਾਈਆਂ ਗਈਆਂ। ਪੁਲਿਸ ਇਹ ਮਾਮਲਾ ਐਸਟੋਰਸ਼ਨ ਦੀ ਘਟਨਾ ਵਜੋਂ ਜਾਂਚ ਰਹੀ ਹੈ, ਜਿਸ ਦਾ ਸੰਬੰਧ ਸੰਗਠਿਤ ਅਪਰਾਧ ਨਾਲ ਜੋੜਿਆ ਜਾ ਰਿਹਾ ਹੈ। ਪਹਿਲੀ ਵਾਰ ਦੇ ਹਮਲੇ ਤੋਂ ਬਾਅਦ ਪੁਲਿਸ ਨੇ ਕੈਮਰੇ ਲਾਏ, ਪਰ ਘਰ ਨੂੰ ਫਿਰ ਤੋਂ ਨਿਸ਼ਾਨਾ ਬਣਾਇਆ ਗਿਆ। ਕੂਨਰ ਅਤੇ ਟੈਪਰ ਦਾ ਕਹਿਣਾ ਹੈ ਕਿ ਐਨ.ਡੀ.ਪੀ. ਅਤੇ ਜਸਟਿਸ ਸਿਸਟਮ ਦੀ ਲਾਪਰਵਾਹੀ ਕਾਰਨ ਅਪਰਾਧੀ ਨਿਡਰ ਹੋ ਚੁੱਕੇ ਹਨ। ਉਹ ਕਹਿੰਦੇ ਹਨ ਕਿ ਇਹ ਹਮਲੇ ਇਕ ਵੱਡੀ ਯੋਜਨਾ ਦਾ ਹਿੱਸਾ ਹਨ ਜੋ ਕਈ ਸੂਬਿਆਂ ਵਿਚ ਹੋ ਰਹੀ ਹੈ ਅਤੇ ਖਾਸ ਕਰਕੇ ਸਾਊਥ ਏਸ਼ੀਅਨ ਕਮਿਊਨਟੀ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।