ਓਟਵਾ:ਜੂਨ ਮਹੀਨੇ ‘ਚ ਕੈਨੇਡਾ ਦੀ ਜੌਬ ਮਾਰਕੀਟ ਨੇ ਉਮੀਦ ਤੋਂ ਚੰਗਾ ਪ੍ਰਦਰਸ਼ਨ ਕੀਤਾ। ਦੇਸ਼ ‘ਚ 83,000 ਨਵੀਆਂ ਨੌਕਰੀਆਂ ਜੋੜੀਆਂ ਗਈਆਂ ਤੇ ਬੇਰੁਜ਼ਗਾਰੀ ਦੀ ਦਰ ਥੋੜ੍ਹੀ ਘਟ ਕੇ 6.9% ਰਹਿ ਗਈ। ਜ਼ਿਆਦਾਤਰ ਨੌਕਰੀਆਂ ਪਾਰਟ ਟਾਈਮ ਅਤੇ ਪ੍ਰਾਈਵੇਟ ਸੈਕਟਰ ‘ਚ ਸਨ। ਵਧੇਰੇ ਨੌਕਰੀਆਂ ਹੋਲਸੇਲ ਤੇ ਰਿਟੇਲ ਖੇਤਰ ‘ਚ ਮਿਲੀਆਂ, ਉਸ ਤੋਂ ਬਾਅਦ ਹੈਲਥਕੇਅਰ ਖੇਤਰ ‘ਚ ਵਾਧਾ ਹੋਇਆ। ਸਿਰਫ਼ ਖੇਤੀਬਾੜੀ ਸੈਕਟਰ ‘ਚ ਨੌਕਰੀਆਂ ਘਟੀਆਂ। ਇੱਥੋਂ ਤਕ ਕਿ ਮੈਨੂਫੈਕਚਰਿੰਗ ਸੈਕਟਰ ‘ਚ ਵੀ 10,000 ਨੌਕਰੀਆਂ ਵਧੀਆਂ। ਵਿੰਡਸਰ ਵਿੱਚ ਬੇਰੁਜ਼ਗਾਰੀ ਦਰ ਸਭ ਤੋਂ ਵੱਧ 11.2% ਰਹੀ। ਵਿਦਿਆਰਥੀਆਂ ‘ਚ ਬੇਰੋਜ਼ਗਾਰੀ ਦਰ ਹਾਲੇ ਵੀ ਉੱਚੀ ਹੈ।
ਓਥੇ ਹੀ ਬੀਸੀ ਦੀ ਜੌਬਸ,ਇਕਨੋਮਿਕਸ ਐਂਡ ਇੰਨੋਵੇਸ਼ਨ ਮਨਿਸਟਰ ਡਾਇਅਨਾ ਗਿਬਸਨ, ਨੇ ਜੂਨ 2025 ਲਈ ਸਟੈਟਿਸਟਿਕਸ ਕੈਨੇਡਾ ਦੀ ਲੇਬਰ ਫੋਰਸ ਸਰਵੇ ਦੀ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਹੈ ਕਿ ਬੀ.ਸੀ. ਨੇ ਜੂਨ ਵਿੱਚ 5,000 ਨੌਕਰੀਆਂ ਜੋੜੀਆਂ ਅਤੇ ਇਸ ਸਾਲ ਹੁਣ ਤੱਕ 50,000 ਤੋਂ ਵੱਧ ਫੁਲ-ਟਾਈਮ ਜੌਬਸ ਐਡ ਕੀਤੀਆਂ,ਜੋ ਕਿ ਸਾਰੇ ਸੂਬਿਆਂ ਦੇ ਮੁਕਾਬਲੇ ਵਿੱਚ ਵੱਧ ਹਨ। ਔਰਤਾਂ ‘ਚ ਵੀ ਰੁਜ਼ਗਾਰ ਦੀ ਦਰ ਕਾਫੀ ਵਧੀ ਹੈ। ਬੇਰੁਜ਼ਗਾਰੀ ਦੀ ਦਰ 5.6% ਹੋ ਗਈ ਹੈ ਜੋ ਕਿ ਦੇਸ਼ ਦੀ ਔਸਤ ਤੋਂ ਘੱਟ ਹੈ। ਬੀ.ਸੀ., ਕੈਨੇਡਾ ਵਿੱਚ ਇੱਕ ਵੱਧ ਤਨਖਾਹ ਵਾਲੀ ਥਾਂ ਹੈ।
ਜ਼ਿਕਰਯੋਗ ਹੈ ਕਿ ਅਮਰੀਕੀ ਟੈਰੀਫ਼ ਚੁਣੌਤੀਆਂ ਦੇ ਬਾਵਜੂਦ, ਬੀ.ਸੀ. ਆਪਣੇ ਬਿਜ਼ਨਸ ਨੂੰ ਬਚਾਉਣ ਅਤੇ ਟਰੇਡ ਦਾ ਵਿਸਤਾਰ ਕਰਨ ਲਈ ਮਿਹਨਤ ਕਰ ਰਿਹਾ ਹੈ।
ਇਹ ਅੰਕੜੇ ਬੈਂਕ ਆਫ ਕਨੇਡਾ 30 ਜੁਲਾਈ ਦੀ ਅਗਲੀ ਵਿਆਜ ਦਰ ਫੈਸਲੇ ਲਈ ਗੰਭੀਰਤਾ ਨਾਲ ਵੇਖੇਗਾ।

