ਵਾਸ਼ਿੰਗਟਨ :ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ 1 ਅਗਸਤ ਤੋਂ ਕੈਨੇਡਾ ਤੋਂ ਆਏ ਬਹੁਤ ਸਾਰੇ ਸਮਾਨ ‘ਤੇ 35% ਦਰ ਦਾ ਟੈਰੀਫ਼ ਲਗਾਉਣ ਦਾ ਐਲਾਨ ਕੀਤਾ ਹੈ, ਜਿਸ ਨਾਲ ਦੋਨਾਂ ਦੇਸ਼ਾਂ ਦੇ ਵਿਚਕਾਰ ਚੱਲ ਰਹੇ ਵਪਾਰਕ ਵਿਵਾਦ ਵਿੱਚ ਤੇਜ਼ੀ ਆਈ ਹੈ। ਕੈਨੇਡਾ ਦੇ ਸਭ ਤੋਂ ਵੱਡੇ ਪ੍ਰਾਈਵੇਟ ਸੈਕਟਰ ਯੂਨੀਅਨ ਯੂਨੀਫੋਰ ਨੇ ਕਿਹਾ ਹੈ ਕਿ ਕੈਨੇਡਾ ਨੂੰ ਇਸ ਦਾ ਸਖ਼ਤੀ ਨਾਲ ਜਵਾਬ ਦੇਣਾ ਚਾਹੀਦਾ ਹੈ ਤਾਂ ਜੋ ਨੌਕਰੀਆਂ ਨੂੰ ਬਚਾਇਆ ਜਾ ਸਕੇ। ਪ੍ਰਧਾਨ ਮੰਤਰੀ ਕਾਰਨੀ ਆਪਣੀ ਕੈਬਿਨੇਟ ਅਤੇ ਸੂਬਾਈ ਪ੍ਰੀਮੀਅਰਜ਼ ਨਾਲ ਇਸ ਮਾਮਲੇ ‘ਤੇ ਗੱਲਬਾਤ ਕਰਨ ਲਈ ਮੀਟਿੰਗ ਕਰ ਰਹੇ ਹਨ। ਮਾਹਿਰਾਂ ਦੇ ਮੁਤਾਬਕ , ਟਰੰਪ ਦੀ ਇਹ ਧਮਕੀ ਇਕਨੌਮਿਕ ਫੈਸਲੇ ਨਾਲੋਂ ਗੱਲਬਾਤ ਕਰਨ ਲਈ ਚੱਲੀ ਜਾ ਰਹੀ ਚਾਲ ਵਧੇਰੇ ਜਾਪ ਰਹੀ ਹੈ। ਫੈਂਟਾਨਿਲ ਦੀਆਂ ਜ਼ਿਆਦਾਤਰ ਜ਼ਬਤੀਆਂ ਅਮਰੀਕਾ-ਮੈਕਸਿਕੋ ਸਰਹੱਦ ‘ਤੇ ਹੋ ਰਹੀਆਂ ਹਨ, ਜਦੋਂ ਕਿ ਟਰੰਪ ਵੱਲੋਂ ਕੈਨੇਡਾ-ਅਮਰੀਕਾ ਸਰਹੱਦ ‘ਤੇ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ। ਇੱਕ ਵਾਈਟ ਹਾਊਸ ਅਧਿਕਾਰੀ ਨੇ ਕਿਹਾ ਕਿ ਕੈਨੇਡਾ-ਅਮਰੀਕਾ-ਮੈਕਸਿਕੋ ਵਪਾਰ ਸਹਿਮਤੀ (CUSMA) ਅਧੀਨ ਆਉਣ ਵਾਲੇ ਸਮਾਨ ਨੂੰ ਨਵਾਂ ਟੈਰੀਫ਼ ਨਹੀਂ ਲੱਗੇਗਾ। ਟਰੰਪ ਨੇ ਕਿਹਾ ਕਿ ਜੇ ਕੰਪਨੀਆਂ ਆਪਣਾ ਸਮਾਨ ਅਮਰੀਕਾ ਵਿੱਚ ਬਣਾਉਂਦੀਆਂ ਹਨ ਤਾਂ ਉਹ ਟੈਰੀਫ਼ ਤੋਂ ਬਚ ਸਕਦੀਆਂ ਹਨ। ਅਜੇ ਤਕ ਕੋਈ ਅੰਤਿਮ ਫੈਸਲਾ ਜਾਂ ਦਸਤਾਵੇਜ਼ ਤਿਆਰ ਨਹੀਂ ਹੋਇਆ।

