ਓਟਵਾ:ਕੈਨੇਡਾ ਵਿੱਚ ਮਹਿੰਗਾਈ ਦੀ ਦਰ ਜੂਨ ਵਿੱਚ ਵਧ ਕੇ 1.9% ਹੋ ਗਈ, ਜੋ ਮਈ ਵਿੱਚ 1.7% ਸੀ। ਇਹ ਵਾਧਾ ਅਰਥਸ਼ਾਸਤਰੀਆਂ ਦੀਆਂ ਉਮੀਦਾਂ ਦੇ ਮੁਤਾਬਕ ਹੀ ਸੀ। ਪੈਟ੍ਰੋਲ ਦੀਆਂ ਕੀਮਤਾਂ ਜੂਨ ਵਿੱਚ ਨਹੀਂ ਬਦਲੀਆਂ , ਪਰ ਪਿਛਲੇ ਸਾਲ ਇਸ ਸਮੇਂ ਕੀਮਤਾਂ ਵੱਧ ਘਟਣ ਕਰਕੇ ਹੁਣ ਦੀਆਂ ਕੀਮਤਾਂ ਜ਼ਿਆਦਾ ਲੱਗ ਰਹੀਆਂ ਹਨ।
ਜਦੋਂ ਐਨਰਜੀ ਕੀਮਤਾਂ ਨੂੰ ਹਟਾ ਦਿੱਤਾ ਜਾਵੇ ਤਾਂ ਜੂਨ ਵਿੱਚ ਸਾਲਾਨਾ ਮਹਿੰਗਾਈ 2.7% ਰਹੀ। ਖਾਣ-ਪੀਣ ਦੀਆਂ ਚੀਜ਼ਾਂ ਦੀ ਮਹਿੰਗਾਈ 3.4% ਤੋਂ ਘਟ ਕੇ 2.9% ਹੋ ਗਈ ਕਿਉਂਕਿ ਸਬਜ਼ੀਆਂ ਦੀਆਂ ਕੀਮਤਾਂ ‘ਚ ਕਮੀ ਆਈ। ਸ਼ੈਲਟਰ ਨੂੰ ਲੈਕੇ ਵੀ ਮਹਿੰਗਾਈ ਥੋੜ੍ਹੀ ਘਟੀ ਹੈ।
ਹਾਲਾਂਕਿ, ਨਵੇਂ ਅਤੇ ਪੁਰਾਣੇ ਦੋਹਾਂ ਕਿਸਮ ਦੇ ਗੱਡੀਆਂ ਦੀਆਂ ਕੀਮਤਾਂ ਵਧੀਆਂ ਹਨ। ਪਿਛਲੇ 18 ਮਹੀਨਿਆਂ ਵਿੱਚ ਇਹ ਪਹਿਲੀ ਵਾਰੀ ਸੀ ਕਿ ਪੁਰਾਣੀਆਂ ਗੱਡੀਆਂ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ। ਫਰਨੀਚਰ ਦੀਆਂ ਕੀਮਤਾਂ ਵਿੱਚ ਵੀ ਤੇਜ਼ੀ ਆਈ।
ਇਹ ਅੰਕੜੇ ਬੈਂਕ ਆਫ ਕੈਨੇਡਾ ਦੀ 30 ਜੁਲਾਈ ਨੂੰ ਹੋਣ ਵਾਲੀ ਅਗਲੀ ਵਿਆਜ਼ ਦਰ ਦੇ ਐਲਾਨ ਤੋਂ ਪਹਿਲਾਂ ਦੇਖੇ ਜਾਣਗੇ। ਮੁੱਖ ਮਹਿੰਗਾਈ ਦਰ ਲਗਾਤਾਰ 3% ਦੇ ਆਸ-ਪਾਸ ਹੀ ਰਹੀ ਹੈ, ਜਿਸ ਵਿੱਚ ਫਿਲਹਾਲ ਕੋਈ ਕਮੀ ਨਹੀਂ ਆਈ ਹੈ।

