ਓਟਵਾ:ਏਅਰ ਕੈਨੇਡਾ ਦੇ ਫਲਾਈਟ ਅਟੈਂਡੈਂਟਾਂ ਨੇ 99.7% ਵੋਟਾਂ ਨਾਲ ਹੜਤਾਲ ਦੇ ਹੱਕ ‘ਚ ਫੈਸਲਾ ਕੀਤਾ ਹੈ, ਜੋ 16 ਅਗਸਤ ਤੋਂ ਜਲਦੀ ਸ਼ੁਰੂ ਹੋ ਸਕਦੀ ਹੈ ਜੇ 72 ਘੰਟਿਆਂ ਦਾ ਨੋਟਿਸ ਦਿੱਤਾ ਗਿਆ। 10 ਹਜ਼ਾਰ ਤੋਂ ਵੱਧ ਮੈਂਬਰਾਂ ਦੀ ਨੁਮਾਇੰਦਗੀ ਕਰਨ ਵਾਲੀ ਯੂਨੀਅਨ ਵਧੀਆਂ ਤਨਖ਼ਾਹਾਂ ਅਤੇ ਹਰ ਘੰਟੇ ਦੇ ਕੰਮ ਲਈ ਭੁਗਤਾਨ ਦੀ ਮੰਗ ਕਰ ਰਹੀ ਹੈ, ਅਤੇ ਜਿਸਨੂੰ ਲੈਕੇ ਅਜੇ ਤੱਕ ਗੱਲਬਾਤ ਅਟਕੀ ਹੋਈ ਹੈ। ਟ੍ਰੈਵਲ ਮਾਹਰ ਯਾਤਰੀਆਂ ਨੂੰ ਲਚਕੀਲੇ ਪਲਾਨ ਬਣਾਉਣ, ਰਿਫੰਡ ਵਾਲੀਆਂ ਟਿਕਟਾਂ ਬੁੱਕ ਕਰਨ ਅਤੇ ਵਿਘਨ ਦੀ ਸੂਰਤ ‘ਚ ਬੈਕਅੱਪ ਤਿਆਰ ਰੱਖਣ ਦੀ ਸਲਾਹ ਦੇ ਰਹੇ ਹਨ। ਹਾਲਾਂਕਿ ਕੁਝ ਸਮਰਥਕਾਂ ਦਾ ਕਹਿਣਾ ਹੈ ਕਿ ਜਦ ਤੱਕ ਫਲਾਈਟ ਅਧਿਕਾਰਿਕ ਤੌਰ ‘ਤੇ ਕੈਂਸਲ ਨਾ ਹੋਵੇ, ਯਾਤਰੀਆਂ ਨੂੰ ਆਪਣੀਆਂ ਯੋਜਨਾਵਾਂ ਨਹੀਂ ਬਦਲਣੀਆਂ ਚਾਹੀਦੀਆਂ, ਕਿਉਂਕਿ ਕੈਨੇਡੀਆਈ ਨਿਯਮਾਂ ਮੁਤਾਬਕ ਹੜਤਾਲ ਕਾਰਨ ਰੱਦ ਹੋਈਆਂ ਉਡਾਣਾਂ ‘ਚ ਏਅਰਲਾਈਨ ਨੂੰ ਯਾਤਰੀ ਨੂੰ ਮੁਫ਼ਤ ਰੀਬੁਕ ਕਰਨਾ ਜਾਂ ਰਿਫੰਡ ਦੇਣਾ ਲਾਜ਼ਮੀ ਹੈ ਅਤੇ ਕੁਝ ਮਾਮਲਿਆਂ ‘ਚ ਹੋਰ ਏਅਰਲਾਈਨ ਤੋਂ ਟਿਕਟ ਖਰੀਦਣੀ ਪਵੇਗੀ।

