ਬ੍ਰਿਟਿਸ਼ ਕੋਲੰਬੀਆ:ਚਾਰ ਸਾਲ ਪਹਿਲਾਂ ਸਟੂਡੈਂਟ ਵੀਜ਼ੇ ‘ਤੇ ਕੈਨੇਡਾ ਆਏ 25 ਸਾਲਾ ਅਬਜੀਤ ਕਿੰਗਰਾ ਨੂੰ ਪੰਜਾਬੀ ਗਾਇਕ ਏਪੀ ਢਿੱਲੋਂ ਦੇ ਘਰ ‘ਤੇ ਹਮਲਾ ਕਰਨ ਲਈ ਛੇ ਸਾਲ ਦੀ ਕੈਦ ਦੀ ਸਜ਼ਾ ਹੋਈ ਹੈ। ਇਹ ਹਮਲਾ ਸਤੰਬਰ 2024 ਵਿੱਚ ਲੈਂਗਫਰਡ, ਬੀ.ਸੀ. ਵਿੱਚ ਹੋਇਆ ਸੀ। ਕਿੰਗਰਾ ਨੇ ਬਿਸ਼ਨੋਈ ਗੈਂਗ ਦੇ ਕੌਂਟ੍ਰੈਕਟ ‘ਤੇ ਢਿੱਲੋਂ ਦੇ ਘਰ ਦੇ ਬਾਹਰ ਗੱਡੀਆਂ ਸਾੜੀਆਂ ਅਤੇ ਘਰ ‘ਤੇ 14 ਗੋਲੀਆਂ ਦਾਗੀਆਂ। ਜੱਜ ਨੇ ਕਿਹਾ ਕਿ ਕਿੰਗਰਾ ਪੈਸਿਆਂ ਦੀ ਤੰਗੀ ਕਾਰਨ ਇਹ ਕੰਮ ਵਿਚ ਸ਼ਾਮਲ ਹੋਇਆ, ਪਰ ਇਹ ਉਸਦੀ ਆਪਣੀ ਚੋਣ ਸੀ।
ਕਿੰਗਰਾ ਨੇ ਪੂਰਾ ਹਮਲਾ ਆਪਣੇ ਬਾਡੀ ਕੈਮਰੇ ਨਾਲ ਰਿਕਾਰਡ ਕੀਤਾ ਅਤੇ ਬਿਸ਼ਨੋਈ ਗੈਂਗ ਨੇ ਇਹ ਵੀਡੀਓ ਕੁਝ ਘੰਟਿਆਂ ਵਿੱਚ ਆਨਲਾਈਨ ਪਾ ਦਿੱਤੀ। ਜੱਜ ਨੇ ਇਸਨੂੰ “ਫਿਲਮੀ ਦ੍ਰਿਸ਼” ਵਰਗਾ ਕਿਹਾ ਅਤੇ ਕਿਹਾ ਕਿ ਇਸਦਾ ਮਕਸਦ ਡਰ ਅਤੇ ਦਹਿਸ਼ਤ ਫੈਲਾਉਣਾ ਸੀ। ਬਿਸ਼ਨੋਈ ਗੈਂਗ, ਜਿਸਨੂੰ ਹੁਣ ਕੈਨੇਡਾ ਨੇ ਅੱਤਵਾਦੀ ਗਰੁੱਪ ਐਲਾਨ ਦਿੱਤਾ ਹੈ, ਨੇ ਢਿੱਲੋਂ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਸਨੇ ਆਪਣੇ ਮਿਊਜ਼ਿਕ ਵੀਡੀਓ ਵਿੱਚ ਇੱਕ ਅਜਿਹੇ ਵਿਅਕਤੀ ਨੂੰ ਦਿਖਾਇਆ ਸੀ ਜੋ ਗੈਂਗ ਨੂੰ ਪਸੰਦ ਨਹੀਂ ਸੀ।
ਕਿੰਗਰਾ ਨੂੰ ਆਪਣੀ ਸਜ਼ਾ ਪੂਰੀ ਕਰਨ ਤੋਂ ਬਾਅਦ ਕੈਨੇਡਾ ਤੋਂ ਡਿਪੋਰਟ ਕੀਤਾ ਜਾ ਸਕਦਾ ਹੈ। ਉਸਦਾ ਸਾਥੀ ਵਿਕਰਮ ਸ਼ਰਮਾ ਇਸ ਵੇਲੇ ਭਾਰਤ ਵਿੱਚ ਹੋਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ।

