ਪਿਛਲੇ ਕੁੱਝ ਸਮੇਂ ਤੋਂ ਕੈਨੇਡਾ ਅਤੇ ਚੀਨ ਵਿਚਕਾਰ ਤਣਾਅ ਲਗਾਤਾਰ ਵਧਦਾ ਰਿਹਾ ਹੈ।ਪਰ ਹੁਣ ਉਮੀਦ ਕੀਤੀ ਜਾ ਰਹੀ ਹੈ ਕਿ ਸਬੰਧ ਮੁੜ ਤੋਂ ਸੁਧਰਣਗੇ।
ਦੋਵੇਂ ਦੇਸ਼ਾਂ ਦੇ ਲੀਡਰਾਂ ਵਿਚਕਾਰ ਮੁਲਾਕਾਤ!
ਸ਼ੁੱਕਰਵਾਰ ਨੂੰ ਏਸ਼ੀਆ ਪੈਸੀਫਿਕ ਇਕਨਾਮਿਕ ਸਮਿੱਟ ਦੌਰਾਨ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਅਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਵਿਚਕਾਰ ਮੀਟਿੰਗ ਹੋਈ।ਜ਼ਿਕਰਯੋਗ ਹੈ ਕਿ ਸਾਲ 2017 ਤੋਂ ਬਾਅਦ ਇਹ ਦੋਵੇਂ ਦੇਸ਼ਾਂ ਦੇ ਲੀਡਰਾਂ ਵਿਚਕਾਰ ਪਹਿਲੀ ਮੀਟਿੰਗ ਰਹੀ, ਜੋ ਕਿ 39 ਮਿੰਟ ਚੱਲੀ।ਸ਼ੀ ਨੇ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਕੈਨੇਡਾ ਅਤੇ ਚੀਨ ਵਿਚਕਾਰ ਸਹਿਯੋਗ ਅਤੇ ਸ਼ਮੂਲੀਅਤ ਦੇ ਰਹੇ ਲੰਬੇ ਇਤਿਹਾਸ ਨੂੰ ਲੈ ਕੇ ਗੱਲਬਾਤ ਕੀਤੀ ਅਤੇ ਉਹਨਾਂ ਨੇ ਪ੍ਰਧਾਨ ਮੰਤਰੀ ਕਾਰਨੀ ਨੂੰ ਸਟੇਟ ਦੌਰੇ ਦਾ ਵੀ ਸੱਦਾ ਦਿੱਤਾ ਹੈ।
ਮੀਟਿੰਗ ਤੋਂ ਬਾਅਦ ਪੀ.ਐੱਮ. ਕਾਰਨੀ ਦੀ ਪ੍ਰਤੀਕਿਰਿਆ?
ਇਹ ਮੀਟਿੰਗ ਕਾਫੀ ਮਹੱਤਵਪੂਰਨ ਰਹੀ ਅਤੇ ਕਾਰਨੀ ਨੇ ਕਿਹਾ ਕਿ ਉਹ ਇਸ ਗੱਲਬਾਤ ਤੋਂ ਕਾਫ਼ੀ ਖੁਸ਼ ਹਨ।ਅਧਿਕਾਰੀਆਂ ਮੁਤਾਬਕ ਕੈਨੋਲਾ,ਸੀ-ਫੂਡ ਅਤੇ ਇਲੈਕਟ੍ਰਿਕ ਵਾਹਨਾਂ ‘ਤੇ ਲੱਗੇ ਟੈਰਿਫਾਂ ਨੂੰ ਲੈ ਕੇ ਗੱਲ ਹੋਈ।ਕਾਰਨੀ ਨੇ ਕਿਹਾ ਕਿ ਇਹ ਮੀਟਿੰਗ ਲੰਬੇ ਸਮੇਂ ਤੋਂ ਬਕਾਇਆ ਸੀ।
2017 ਦਾ ਸਟੇਟ ਦੌਰਾ!
ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਦਸੰਬਰ 2017 ‘ਚ ਆਖਰੀ ਵਾਰ ਸਟੇਟ ਦੌਰਾ ਕੀਤਾ ਸੀ।ਇਸ ਤੋਂ ਬਾਅਦ ਕੋਈ ਦੌਰਾ ਨਹੀਂ ਕੀਤਾ ਗਿਆ ਪਰ ਬੀਤੇ ਕੁੱਝ ਸਾਲਾਂ ਵਿੱਚ ਕਈ ਰਾਜਨੀਤਕ ਲੀਡਰਾਂ ਅਤੇ ਫੈਡਰਲ ਨੀਤੀ ਘਾੜਿਆਂ ਨੇ ਬੀਜਿੰਗ ‘ਤੇ ਟ੍ਰੇਡ ਨੂੰ ਲਾਭ ਦੇ ਤੌਰ ਵਰਤਣ ਦੇ ਦੋਸ਼ ਲਗਾਏ ਹਨ।ਇੱਥੋਂ ਤੱਕ ਕਿ ਚੀਨ ਉੱਪਰ ਕੈਨੇਡਾ ਦੀਆਂ ਚੋਣਾਂ ‘ਚ ਦਖ਼ਲ-ਅੰਦਾਜ਼ੀ ਦੇ ਵੀ ਦੋਸ਼ ਲਗਾਏ ਗਏ ਸਨ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਬਸੰਤ ਚੋਣਾਂ ਵਿੱਚ ਫੈਡਰਲ ਲੀਡਰਾਂ ਦੇ ਡੀਬੇਟ ਦੌਰਾਨ ਚੀਨ ਨੂੰ ਦੇਸ਼ ਦਾ ਸਭ ਤੋਂ ਵੱਡਾ ਵਿਦੇਸ਼ੀ ਦਖ਼ਲ-ਅੰਦਾਜ਼ੀ ਦਾ ਖਤਰਾ ਕਰਾਰ ਦਿੱਤਾ ਸੀ।
ਕਿੰਝ ਘੁੰਮਿਆ ਪਹੀਆ?
ਹੁਣ ਹਾਲਾਤ ਬਦਲ ਰਹੇ ਹਨ।ਕੈਨੇਡਾ ਦੇ ਸਬੰਧ ਅਮਰੀਕਾ ਨਾਲ ਦਿਨ-ਬ-ਦਿਨ ਤਣਾਅ ਪੂਰਨ ਹੋ ਰਹੇ ਹਨ ਅਤੇ ਕੈਨੇਡਾ ਨੇ ਆਪਣੀ ਵਪਾਰਕ ਸਬੰਧਾਂ ਵਾਲੀ ਬੱਘੀ ਦਾ ਰੁਖ਼ ਹੁਣ ਹੋਰ ਦੇਸ਼ਾਂ ਵੱਲ ਕਰ ਲਿਆ ਹੈ।ਕੈਨੇਡਾ ਹੋਰ ਦੇਸ਼ਾਂ ਨਾਲ ਸਬੰਧ ਮਜ਼ਬੂਤ ਕਰ ਰਿਹਾ ਹੈ ਤਾਂ ਜੋ ਵਪਾਰਕ ਸਬੰਧ ਮਜ਼ਬੂਤ ਹੋ ਸਕਣ ਅਤੇ ਦੇਸ਼ ਦੀ ਆਰਥਿਕ ਹਾਲਤ ਨੂੰ ਮਜ਼ਬੂਤ ਕੀਤਾ ਜਾ ਸਕੇ।

