ਬ੍ਰਿਟਿਸ਼ ਕੋਲੰਬੀਆ:ਬੀ.ਸੀ. ਕਨਜ਼ਰਵੇਟਿਵ ਪਾਰਟੀ ਦੀ ਲੀਡਰਸ਼ਿਪ ਰੀਵਿਊ ਵਿਵਾਦਾਂ ਵਿਚ ਆ ਗਈ ਹੈ ਕਿਉਂਕਿ ਟੀਮ ਮੈਂਬਰਜ਼ ਨੇ ਦਾਅਵਾ ਕੀਤਾ ਹੈ ਕਿ ਹਜ਼ਾਰਾਂ ਨਕਲੀ ਮੈਂਬਰਸ਼ਿਪ ਬਣਾਈਆਂ ਗਈਆਂ ਹਨ ਤਾਂ ਜੋ ਵੋਟਿੰਗ ਨੂੰ ਪ੍ਰਭਾਵਿਤ ਕੀਤਾ ਜਾ ਸਕੇ। ਪਾਰਟੀ ਲੀਡਰ ਜਾਨ ਰਸਟੈੱਡ ਚੋਣਾਂ ਤੋਂ ਬਾਅਦ ਰੁਟੀਨ ਰੀਵਿਊ ਦਾ ਸਾਹਮਣਾ ਕਰ ਰਹੇ ਹਨ, ਪਰ ਉਨ੍ਹਾਂ ਦੀ ਲੀਡਰਸ਼ਿਪ ’ਤੇ ਸਵਾਲ ਵੱਧ ਗਏ ਹਨ। ਸਿਰਫ ਕੇਲੋਨਾ ’ਚ ਹੀ 2,000 ਤੋਂ ਵੱਧ ਸ਼ੱਕੀ ਮੈਂਬਰਸ਼ਿਪ ਆ ਗਈਆਂ, ਜਿਨ੍ਹਾਂ ਦੇ ਇੱਕੋ ਜਿਹੇ ਈਮੇਲ ਫਾਰਮੈਟ, ਨਕਲੀ ਫੋਨ ਨੰਬਰ ਸਨ ਅਤੇ ਸਾਰੀਆਂ ਦੀ ਫੀਸ ਸਿਰਫ਼ ਤਿੰਨ ਕਰੈਡਿਟ ਕਾਰਡਾਂ ਨਾਲ ਭਰੀ ਗਈ। ਦਾਅਵਾ ਹੈ ਕਿ ਕੁਝ ਨਾਂ ਬੀ.ਸੀ. ਯੂਨਾਈਟਡ ਦੀ ਪੁਰਾਣੀ ਮੈਂਬਰਸ਼ਿਪ ਸੂਚੀ ਤੋਂ ਲਏ ਗਏ ਸਨ, ਇੱਥੋਂ ਤੱਕ ਕਿ ਇਕ ਅਜਿਹੇ ਵਿਅਕਤੀ ਦਾ ਨਾਮ ਵੀ ਸੀ ਜੋ ਪਹਿਲਾਂ ਹੀ ਮਰ ਚੁੱਕਾ ਹੈ। ਰਿਚਮੰਡ ਅਤੇ ਡੈਲਟਾ ਵਿੱਚ ਵੀ ਅਜਿਹੇ ਮਾਮਲੇ ਸਾਹਮਣੇ ਆਏ ਹਨ। ਰਸਟੈੱਡ, ਜਿਨ੍ਹਾਂ ਨੂੰ 2022 ਵਿੱਚ ਬੀ.ਸੀ. ਲਿਬਰਲਜ਼ ਵੱਲੋਂ ਬਾਹਰ ਕੱਢ ਦਿੱਤਾ ਗਿਆ ਸੀ, ਚੋਣਾਂ ਤੋਂ ਬਾਅਦ ਪਾਰਟੀ ਅੰਦਰ ਕਈ ਵਿਵਾਦਾਂ ਦਾ ਸਾਹਮਣਾ ਕਰ ਰਹੇ ਹਨ। ਕੁਝ MLA ਪਾਰਟੀ ਛੱਡ ਕੇ ਨਵੀਂ ਪਾਰਟੀ OneBC ਬਣਾਕੇ ਚਲੇ ਗਏ ਹਨ। ਇਸ ਮਾਮਲੇ ’ਚ NDP ਨੇ RCMP ਨੂੰ ਜਾਂਚ ਕਰਨ ਲਈ ਕਿਹਾ ਹੈ।

