ਓਟਵਾ: ਕੈਨੇਡਾ ਦੇ ਅਮਰੀਕਾ ਨਾਲ ਚੱਲ ਰਹੇ ਤਣਾਅ-ਪੂਰਨ ਰਿਸ਼ਤਿਆਂ ਦੇ ਕਾਰਨ ਹੁਣ ਕੈਨੇਡਾ ਸਰਕਾਰ ਹੋਰ ਦੇਸ਼ਾਂ ਨਾਲ ਸਾਂਝ ਵਧਾ ਰਹੀ ਹੈ ਤਾਂ ਜੋ ਅਮਰੀਕਾ ‘ਤੇ ਨਿਰਭਰਤਾ ਘੱਟ ਕੀਤੀ ਜਾ ਸਕੇ।ਇਸੇ ਕੋਸ਼ਿਸ਼ ਦੇ ਅਧੀਨ ਅੱਜ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅਹਿਮ ਐਲਾਨ ਕਰਦੇ ਹੋਏ ਦੱਸਿਆ ਕਿ ਉਹਨਾਂ ਵੱਲੋਂ 12 ਨਵੀਆਂ ਸਬਮਰੀਨਾਂ ਲਈ ਜਰਮਨੀ ਦੀ ਥਿੱਸਨਕਰੱਪ ਮਰੀਨ ਸਿਸਟਮਜ਼ ਅਤੇ ਸਾਊਥ ਕੋਰੀਆ ਦੀ ਹੈਨੂਆ ਓਸ਼ੀਅਨ ਲਿਮਟਡ ਨਾਲ ਬੋਲੀ ਨੂੰ ਸੀਮਤ ਕਰ ਦਿੱਤਾ ਹੈ,ਕਿਉਂਕਿ ਦੇਸ਼ ਸਾਲ 2025 ਤੱਕ ਇਹਨਾਂ ਨਵੀਆਂ ਸਬਮਰੀਨਾਂ ਨੂੰ ਲਿਆ ਕੇ,ਪੁਰਾਣੀ ਹੋ ਚੁੱਕੀ ਫਲੀਟ ਨੂੰ ਬਦਲਣਾ ਚਾਹੁੰਦਾ ਹੈ।ਜੋ ਕਿ ਟਰਾਂਸਅਟਲਾਂਟਿਕ ਸਿਕਊਰਟੀ ਲਈ ਬੇਹੱਦ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਅੱਜ ਜਰਮਨੀ ਦੇ ਚਾਂਸਲਰ ਫਰੀਡਰਿੱਕ ਮਰਜ਼ ਨਾਲ ਇੱਕ ਬਿਜ਼ਨਸ ਰਾਊਂਡਟੇਬਲ ‘ਚ ਵੀ ਭਾਗ ਲਿਆ ਤਾਂ ਜੋ ਮਿਨਰਲਜ਼ ਪਾਰਟਨਰਸ਼ਿਪ ਨੂੰ ਲੈ ਕੇ ਕੈਨੇਡਾ ਦੀ ਟ੍ਰੇਡ ਮਾਰਕੀਟ ਦੀ ਵੱਖ-ਵੱਖ ਦੇਸ਼ਾਂ ਤੱਕ ਪਹੁੰਚ ਬਣਾਈ ਜਾ ਸਕੇ।ਦੋਵੇਂ ਦੇਸ਼ ਅਹਿਮ ਖਣਿਜ ਸਪਲਾਈ ਚੇਨ ‘ਚ ਸਹਿਯੋਗ ਅਤੇ ਵਧੇਰੇ ਉਦਯੋਗਾਂ ਨੂੰ ਸਪੋਰਟ ਕਰਨ ਲਈ ਸਾਂਝੀ ਫੰਡਿੰਗ ਨੂੰ ਲੈ ਕੇ ਵੀ ਯੋਗਦਾਨ ਪਾਉਣ ਲਈ ਕੰਮ ਕਰਨਗੇ।

