ਬ੍ਰਿਟਿਸ਼ ਕੋਲੰਬੀਆ:ਬੀਸੀ ‘ਚ ਸਰਕਾਰੀ ਕਰਮਚਾਰੀਆਂ ਦੀ ਹੜਤਾਲ ਦੂਜੇ ਹਫ਼ਤੇ ਵਿੱਚ ਦਾਖਲ ਹੋ ਗਈ ਹੈ। ਹੁਣ ਤੱਕ 22 ਥਾਵਾਂ ‘ਤੇ 4,000 ਤੋਂ ਵੱਧ ਕਰਮਚਾਰੀ ਪਿਕੇਟ ਲਾਈਨਾਂ ‘ਤੇ ਹਨ, ਜਿਨ੍ਹਾਂ ਵਿੱਚ ਸਰੀ, ਕਮਲੂਪਸ ਅਤੇ ਨੈਨਾਈਮੋ ਵੀ ਸ਼ਾਮਲ ਹਨ। ਬੀ.ਸੀ. ਜਨਰਲ ਇਮਪਲੋਈਜ਼ ਯੂਨੀਅਨ ਦਾ ਕਹਿਣਾ ਹੈ ਕਿ ਤਨਖ਼ਾਹਾਂ ਮਹਿੰਗਾਈ ਦੇ ਨਾਲ ਨਹੀਂ ਵਧੀਆਂ, ਇਸ ਲਈ ਉਹ 2025 ਵਿੱਚ 4% ਅਤੇ 2026 ਵਿੱਚ 4.25% ਵਾਧੇ ਦੀ ਮੰਗ ਕਰ ਰਹੇ ਹਨ। ਸਰਕਾਰ ਵੱਲੋਂ ਦਿੱਤਾ ਗਿਆ ਨਵਾਂ ਆਫ਼ਰ 1.5% ਅਤੇ 2% ਦਾ ਸੀ, ਜਿਸਨੂੰ 93% ਮੈਂਬਰਾਂ ਨੇ ਰੱਦ ਕਰ ਦਿੱਤਾ। ਪ੍ਰੀਮੀਅਰ ਡੇਵਿਡ ਈਬੀ ਦਾ ਕਹਿਣਾ ਹੈ ਕਿ ਸਰਕਾਰ ਵਧੀਆ ਸਮਝੌਤਾ ਚਾਹੁੰਦੀ ਹੈ ਪਰ ਵਿੱਤੀ ਦਬਾਅ ਵੀ ਹਨ। ਹੁਣ ਤੱਕ ਸਿਰਫ਼ ਕੁਝ ਸਰਵਿਸਜ਼ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਤਾਂ ਕਿ ਜਨਤਾ ਨੂੰ ਘੱਟ ਪ੍ਰਭਾਵ ਪਵੇ, ਪਰ ਯੂਨੀਅਨ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਸਰਕਾਰ ਨਵਾਂ ਆਫ਼ਰ ਨਹੀਂ ਲਿਆਉਂਦੀ ਤਾਂ ਹੜਤਾਲ ਵਧਾ ਕੇ ਜ਼ਰੂਰੀ ਸਰਵਿਸ ਨੂੰ ਵੀ ਪ੍ਰਭਾਵਿਤ ਕੀਤਾ ਜਾ ਸਕਦਾ ਹੈ। ਯੂਨੀਅਨ ਲੀਡਰਾਂ ਵੱਲੋਂ ਅੱਜ ਸਰੀ ਅਤੇ ਹੋਰ ਸ਼ਹਿਰਾਂ ਵਿੱਚ ਅਪਡੇਟ ਦਿੱਤੀ ਜਾਵੇਗੀ।

