ਵਾਸ਼ਿੰਗਟਨ:ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕੈਨੇਡੀਅਨ ਸਮਾਨ ‘ਤੇ ਟੈਰੀਫ 25% ਤੋਂ ਵਧਾ ਕੇ 35% ਕਰ ਦਿੱਤੀ ਹੈ। ਉਹ ਇਸਦਾ ਕਾਰਨ ਦੱਸਦੇ ਹੋਏ ਕਿਹਾ ਕਿ ਕੈਨੇਡਾ ਆਪਣੀ ਸਰਹੱਦ ਤੋਂ ਫੈਂਟਨੀਲ ਅਤੇ ਹੋਰ ਗੈਰ-ਕਾਨੂੰਨੀ ਨਸ਼ਿਆਂ ਨੂੰ ਕਾਬੂ ਵਿੱਚ ਨਹੀਂ ਰੱਖ ਸਕਿਆ। ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਕਿਹਾ ਕਿ ਕੈਨੇਡਾ ਇਸ ਫੈਸਲੇ ਤੋਂ ਨਿਰਾਸ਼ ਹੈ ਪਰ ਉਹ ਕੈਨੇਡਾ-ਅਮਰੀਕਾ-ਮੈਕਸੀਕੋ ਵਪਾਰ ਸਮਝੌਤੇ (CUSMA) ਨਾਲ ਵਫ਼ਾਦਾਰ ਹਨ। ਜ਼ਿਆਦਾਤਰ ਕੈਨੇਡੀਅਨ ਐਕਸਪੋਰਟ ਇਸ ਸਮਝੌਤੇ ਅਧੀਨ ਟੈਰੀਫ-ਮੁਕਤ ਹਨ, ਪਰ ਲੱਕੜ,ਸਟੀਲ,ਐਲੂਮੀਨੀਅਮ ਅਤੇ ਆਟੋ ਸੈਕਟਰ ‘ਤੇ ਟੈਰੀਫ ਦਾ ਅਸਰ ਪੈਂਦਾ ਹੈ। ਕੈਨੇਡਾ, ਬੋਰਡਰ ਸਕਿਉਰਿਟੀ ਅਤੇ ਫੈਂਟਨੀਲ ਖਿਲਾਫ਼ ਕਾਰਵਾਈ ਲਈ ਵੱਡੇ ਨਿਵੇਸ਼ ਕਰ ਰਿਹਾ ਹੈ। ਵਪਾਰ ਗੱਲਬਾਤ ਜਾਰੀ ਹੈ, ਪਰ ਅੱਜ 1 ਅਗਸਤ ਦੀ ਡੈੱਡਲਾਈਨ ਤੱਕ ਵੀ ਕੋਈ ਸਮਝੌਤਾ ਨਹੀਂ ਹੋਇਆ। ਓੰਟਾਰੀਓ ਪ੍ਰੀਮੀਅਰ ਡਗ ਫੋਰਡ ਅਤੇ ਯੂਨੀਅਨਾਂ ਨੇ ਕਿਹਾ ਕਿ ਕੈਨੇਡਾ ਨੂੰ ਅਮਰੀਕਾ ਉੱਤੇ ਵੱਧ ਟੈਰੀਫ ਲਗਾਉਣੇ ਚਾਹੀਦੇ ਹਨ। ਇਹ ਵਧੇਰੇ ਟੈਰੀਫ ਅਮਰੀਕੀ ਅਦਾਲਤਾਂ ਵਿੱਚ ਲੀਗਲ ਚਣੌਤੀਆਂ ਦਾ ਸਾਹਮਣਾ ਕਰ ਰਹੇ ਹਨ।

