ਓਟਵਾ:ਕੈਨੇਡਾ ਰੈਵਿਨਿਊ ਏਜੰਸੀ (CRA) ਇਸ ਵਸੰਤ ਵਿੱਚ ਹੋਰ 280 ਨੌਕਰੀਆਂ ਕੱਟ ਰਹੀ ਹੈ, ਜਿਹੜੀਆਂ ਜ਼ਿਆਦਾਤਰ ਓਟਾਵਾ ਅਤੇ ਗੈਟੀਨੋ ਵਿਚ ਹੋਣਗੀਆਂ। ਇਹ ਕਟੌਤੀਆਂ 2024 ਦੇ ਪਤਝੜ ਤੋਂ ਲਗਾਤਾਰ ਚੱਲ ਰਹੇ ਪ੍ਰੋਸੈੱਸ ਦਾ ਹਿੱਸਾ ਹਨ, ਜਿਨ੍ਹਾਂ ‘ਚ ਹੁਣ ਤੱਕ 3,000 ਤੋਂ ਵੱਧ ਨੌਕਰੀਆਂ ਕੱਟ ਕੀਤੀਆਂ ਗਈਆਂ ਹਨ। CRA ਦੇ ਅਨੁਸਾਰ, ਕੋਵਿਡ ਫੰਡਿੰਗ ਅਤੇ ਹੋਰ ਸਰਕਾਰੀ ਬੱਚਤ ਯੋਜਨਾਵਾਂ ਕਰਕੇ ਇਹ ਕਟੌਤੀਆਂ ਕੀਤੀਆਂ ਜਾ ਰਹੀਆਂ ਹਨ। ਬਹੁਤ ਸਾਰੀਆਂ ਨੌਕਰੀਆਂ ਅੰਦਰੂਨੀ ਸਰਵਿਸਜ਼ ਨਾਲ ਜੁੜੀਆਂ ਹਨ ਜੋ ਸਿੱਧਾ ਲੋਕਾਂ ਨੂੰ ਸਰਵਿਸ ਨਹੀਂ ਦਿੰਦੀਆਂ ਪਰ CRA ਦੀ ਕਾਰਗੁਜ਼ਾਰੀ ਲਈ ਜ਼ਰੂਰੀ ਹਨ।
ਟੈਕਸ ਕਰਮਚਾਰੀ ਯੂਨੀਅਨ ਨੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੂੰ ਨੌਕਰੀਆਂ ਵਿੱਚ ਕਟੌਤੀ ‘ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਹੈ। ਯੂਨੀਅਨ ਚੇਤਾਵਨੀ ਦੇ ਰਹੀ ਹੈ ਕਿ ਇਹ ਕਟੌਤੀਆਂ ਸੇਵਾਵਾਂ ‘ਚ ਦੇਰੀ, ਲੰਬੇ ਵੇਟਿੰਗ ਟਾਈਮ ਅਤੇ ਬਾਕੀ ਕਰਮਚਾਰੀਆਂ ‘ਤੇ ਵੱਧ ਬੋਝ ਪਾ ਰਹੀਆਂ ਹਨ। ਉਹ ਕਹਿ ਰਹੇ ਹਨ ਕਿ ਕਾਲ ਸੈਂਟਰਾਂ ਵਿੱਚ ਇਹ ਪ੍ਰਭਾਵ ਪਹਿਲਾਂ ਹੀ ਵੇਖਣ ਨੂੰ ਮਿਲ ਰਹੇ ਹਨ।
ਦੂਜੇ ਪਾਸੇ CRA ਦਾ ਕਹਿਣਾ ਹੈ ਕਿ ਉਹ ਸਟਾਫ ਤੇ ਲੋਕਾਂ ‘ਤੇ ਪ੍ਰਭਾਵ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਅਨਲਾਈਨ ਸੇਵਾਵਾਂ ‘ਚ ਸੁਧਾਰ ਕਰ ਰਹੀ ਹੈ।
ਮਾਰਚ 2024 ਤੋਂ ਲੈ ਕੇ ਮਾਰਚ 2025 ਤੱਕ CRA ਦੇ ਕਰਮਚਾਰੀਆਂ ਦੀ ਗਿਣਤੀ 59,000 ਤੋਂ ਘਟ ਕੇ 52,000 ਰਹਿ ਗਈ ਹੈ।

