ਵਾਸ਼ਿੰਗਟਨ :ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕੈਨੇਡੀਅਨ ਸਟੀਲ ਅਤੇ ਐਲੂਮੀਨੀਅਮ ‘ਤੇ ਟੈਰੀਫ 25% ਤੋਂ ਵਧਾ ਕੇ 50% ਕਰਨ ਕਾਰਨ ਕੈਨੇਡਾ ਦੀ ਸਟੀਲ ਇੰਡਸਟਰੀ ਨੂੰ ਵੱਡਾ ਝਟਕਾ ਲੱਗਿਆ ਹੈ। ਕੈਨੇਡੀਅਨ ਸਟੀਲ ਪ੍ਰੋਡਿਊਸਰ ਐਸੋਸੀਏਸ਼ਨ ਦੀ ਸੀਈਓ ਕੈਥਰੀਨ ਕੋਬਡਨ ਨੇ ਕਿਹਾ ਕਿ ਹੁਣ ਅਮਰੀਕੀ ਮਾਰਕੀਟ, ਕੈਨੇਡੀਅਨ ਸਟੀਲ ਲਈ ਬੰਦ ਹੋ ਗਈ ਹੈ। ਬੀ.ਸੀ. ਦੀ ਕੰਪਨੀ ਪੈਸੀਫਿਕ ਬੋਲਟ ਵਰਗੀਆਂ ਫਰਮਾਂ ਵਧੇ ਹੋਏ ਖਰਚਿਆਂ ਨਾਲ ਪਰੇਸ਼ਾਨ ਹਨ, ਜਦਕਿ ਟੋਰਾਂਟੋ ਦੀ ਨਿਊਏਜ ਪ੍ਰੋਡਕਟਸ ਵਰਗੀ ਕੰਪਨੀ ਕਹਿੰਦੀ ਹੈ ਕਿ ਉਹ ਬਦਲੇ ਹਾਲਾਤਾਂ ਦੇ ਮੱਦੇਨਜ਼ਰ ਅਡਜਸਟ ਕਰਨ ਦੀ ਕੋਸ਼ਿਸ਼ ਕਰ ਰਹੇ ਹਨ, ਪਰ ਨਿਯਮ ਬਾਰ-ਬਾਰ ਬਦਲਣ ਕਰਕੇ ਯੋਜਨਾ ਬਣਾਉਣੀ ਔਖੀ ਹੋ ਗਈ ਹੈ।
ਇਸਦੇ ਨਾਲ-ਨਾਲ, ਉਦਯੋਗਾਂ ਨੂੰ “ਸਟੀਲ ਡੰਪਿੰਗ” ਦੀ ਵੀ ਚਿੰਤਾ ਹੈ, ਜਿਸ ‘ਚ ਚੀਨ ਵਰਗੇ ਦੇਸ਼ ਸਸਤੀ ਸਟੀਲ ਕੈਨੇਡਾ ‘ਚ ਹੋਰ ਦੇਸ਼ਾਂ ਰਾਹੀਂ ਭੇਜ ਰਹੇ ਹਨ।ਇੰਡਸਟਰੀ ਲੀਡਰ ਮੰਗ ਕਰ ਰਹੇ ਹਨ ਕਿ ਕੈਨੇਡਾ ਵੀ ਅਮਰੀਕਾ ਵਾਂਗ 50% ਟੈਰੀਫ ਲਗਾਏ ਅਤੇ ਅਣਉਚਿਤ ਸਟੀਲ ਆਯਾਤ ‘ਤੇ ਰੋਕ ਲਗਾਏ। ਕੈਨੇਡਾ ਬੋਰਡਰ ਸਰਵਿਸਿਜ਼ ਏਜੰਸੀ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਫੈਸਲਾ ਆਉਣ ਵਾਲੀਆਂ ਮਹੀਨਿਆਂ ਵਿੱਚ ਆਉਣ ਦੀ ਉਮੀਦ ਹੈ।

