ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਮੰਗ ਕੀਤੀ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਦੀਪ ਗੋਲਡੀ ਕੰਬੋਜ ਦੀ ਜਿਸਮ ਫਰੋਸ਼ੀ ਦੇ ਫਿਰੌਤੀ ਮਾਮਲੇ ਵਿਚ ਪਿਤਾ ਸੁਰਿੰਦਰ ਕੰਬੋਜ ਸਮੇਤ ਉਸਦੀ ਸ਼ਮੂਲੀਅਤ ਲਈ ਉਸਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।

10 ਲੱਖ ਰੁਪਏ ਦੇ ਜਿਸਮ ਫਰੋਸ਼ੀ ਫਿਰੌਤੀ ਮਾਮਲੇ ਵਿਚ ਸੁਰਿੰਦਰ ਕੰਬੋਜ ਦੀ ਗ੍ਰਿਫਤਾਰੀ ਨੂੰ ਨਾਕਾਫੀ ਦੱਸਦਿਆਂ ਸ਼੍ਰੋਮਣੀ ਅਕਾਲੀ ਦਲ ਨੇ ਕਿਹਾ ਕਿ ਗੋਲਡੀ ਕੰਬੋਜ ਇਹ ਕਹਿ ਕੇ ਖਹਿੜਾ ਨਹੀਂ ਛੁਡਾ ਸਕਦਾ ਕਿ ਉਸਦੀ ਉਸਦੇ ਪਿਤਾ ਨਾਲ ਬਣਦੀ ਨਹੀਂ ਹੈ। ਉਹਨਾਂ ਕਿਹਾ ਕਿ ਜੇਕਰ ਇਹ ਸੱਚਾਈ ਹੈ ਤਾਂ ਫਿਰ ਸੁਰਿੰਦਰ ਕੰਬੋਜ ਇਸ ਸਾਲ ਫਾਜ਼ਿਲਕਾ ਵਿਖੇ ਹੋਏ ਗਣਤੰਤਰ ਦਿਵਸ ਸਮਾਗਮ ਦੀ ਪ੍ਰਧਾਨਗੀ ਨਹੀਂ ਕਰ ਸਕਦੇ ਸਨ। ਉਹਨਾਂ ਕਿਹਾ ਕਿ ਜੋ ਕੁਝ ਸਾਹਮਣੇ ਦਿੱਸ ਰਿਹਾ ਹੈ, ਸੱਚਾਈ ਉਸ ਤੋਂ ਜ਼ਿਆਦਾ ਹੈ। ਮਹੇਸ਼ਇੰਦਰ ਸਿੰਘ ਗਰੇਵਾਲ ਨੇ ਮੰਗ ਕੀਤੀ ਕਿ ਗੋਲਡੀ ਕੰਬੋਜ ਨੂੰ ਗ੍ਰਿਫਤਾਰ ਕਰ ਕੇ ਉਹਨਾਂ ਕੋਲੋਂ ਪੁੱਛ ਗਿੱਛ ਕੀਤੀ ਜਾਵੇ ਤਾਂ ਜੋ ਰਿਸ਼ਵਤਖੋਰੀ ਮਾਮਲੇ ਅਤੇ ਪਿਓ ਪੁੱਤਰ ਵੱਲੋਂ ਚਲਾਏ ਜਾ ਰਹੇ ਫਿਰੌਤੀ ਦੇ ਮਾਮਲੇ ਨੂੰ ਬੇਨਕਾਬ ਕੀਤਾ ਜਾ ਸਕੇ।

ਗਰੇਵਾਲ ਨੇ ਜ਼ੋਰ ਦੇ ਕੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਸਵਾਲਾਂ ਦੇ ਜਵਾਬ ਦੇਣੇ ਪੈਣਗੇ। ਉਹਨਾਂ ਕਿਹਾ ਕਿ ਆਪ ਸਰਕਾਰ ਨੇ ਤਾਂ ਸੂਬੇ ਵਿਚ ਭ੍ਰਿਸ਼ਟਾਚਾਰ ਮੁਕਤ ਰਾਜ ਦੇਣਾ ਸੀ। ਉਹਨਾਂ ਕਿਹਾ ਕਿ ਇਹਨਾਂ ਨੇ ਚਾਰ ਹਫਤਿਆਂ ਵਿਚ ਭ੍ਰਿਸ਼ਟਾਚਾਰ ਖਤਮ ਕਰਨ ਦਾ ਵਾਅਦਾ ਕੀਤਾ ਸੀ ਜਦੋਂ ਕਿ ਹੋਇਆ, ਇਸ ਤੋਂ ਉਲਟ ਹੈ। ਉਹਨਾਂ ਕਿਹਾ ਕਿ ਭ੍ਰਿਸ਼ਟਾਚਾਰ ਕਈ ਗੁਣਾ ਵੱਧ ਗਿਆ ਹੈ ਜਿਸਦਾ ਆਮ ਆਦਮੀ ’ਤੇ ਵੱਡਾ ਅਸਰ ਪੈ ਰਿਹਾ ਹੈ। ਉਹਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬੀਆਂ ਨੂੰ ਦੱਸਣ ਕਿ ਗੋਲਡੀ ਕੰਬੋਜ ਅਤੇ ਡਾ. ਵਿਜੇ ਸਿੰਗਲਾ ਤੇ ਫੌਜਾ ਸਿੰਘ ਸਰਾਰੀ ਵਰਗੇ ਦਾਗੀ ਆਪ ਆਗੂਆਂ ਦੇ ਖਿਲਾਫ ਕਾਰਵਾਈ ਕਿਉਂ ਨਹੀਂ ਕੀਤੀ ਜਾ ਰਹੀ ਜਿਹਨਾਂ ’ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਹਨ।

ਉਹਨਾਂ ਕਿਹਾ ਕਿ ਮੁੱਖ ਮੰਤਰੀ ਨੇ ਹਾਲੇ ਤੱਕ ਉਹ ਆਡੀਓ ਟੇਪ ਜਾਰੀ ਨਹੀਂ ਕੀਤਾ ਜਿਸ ਬਾਰੇ ਉਹਨਾਂ ਦਾਅਵਾ ਕੀਤਾਸੀ ਕਿ ਇਸ ਵਿਚ ਡਾ. ਵਿਜੇ ਸਿੰਗਲਾ ਨੇ ਰਿਸ਼ਵਤ ਲੈਣ ਦੀ ਗੱਲ ਕਬੂਲੀ ਸੀ ਤੇ ਨਾ ਹੀ ਸਰਾਰੀ ਦੇ ਖਿਲਾਫ ਫਿਰੌਤੀ ਲੈਣ ਦੇ ਮਾਮਲੇ ਵਿਚ ਕਾਰਵਾਈ ਕੀਤੀ ਸੀ। ਉਹਨਾਂ ਕਿਹਾ ਕਿ ਵਿਧਾਇਕ ਅਮਿਤ ਰਤਨ ਨੂੰ ਬਚਾਉਣ ਦੇ ਵੀ ਕਾਫੀ ਯਤਨ ਕੀਤੇ ਗਏ ਜਿਸਦੇ ਨਿੱਜੀ ਸਹਾਇਕ ਨੇ ਉਸ ਵੱਲੋਂ ਰਿਸ਼ਵਤ ਲਈ ਸੀ ਪਰ ਲੋਕਾਂ ਦੇ ਦਬਾਅ ਅੱਗੇ ਸਰਕਾਰ ਨੂੰ ਰਤਨ ਦੇ ਖਿਲਾਫ ਕਾਰਵਾਈ ਕਰਨੀ ਪਈ।

ਇਸ ਦੌਰਾਨ ਪਾਰਟੀ ਦੇ ਜਨਰਲ ਸਕੱਤਰ ਪਰਮਬੰਸ ਸਿੰਘ ਰੋਮਾਣਾ ਨੇ ਕਿਹਾ ਕਿ ਰਿਸ਼ਵਤਖੋਰੀ ਮਾਮਲੇ ਵਿਚ ਸ਼ਿਕਾਇਤਕਰਤਾ ਸੁਨੀਲ ਕੁਮਾਰ ਦੇ ਖਿਲਾਫ ਜਬਰ ਜਨਾਹ ਦਾ ਕੇਸ ਦਰਜ ਕਰ ਕੇ ਸੁਰਿੰਦਰ ਕੰਬੋਜ ਨੂੰ ਬਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕੰਬੋਜ ਪਰਿਵਾਰ ਦੇ ਵੇਰਵੇ ਵੀ ਸਾਂਝੇ ਕੀਤੇ ਤੇ ਕਿਹਾ ਕਿ ’ਕੱਟੜ ਇਮਾਨਦਾਰ ਪਾਰਟੀ’ ਨੇ ਗੋਲਡੀ ਕੰਬੋਜ ਦੀ ਕਾਰਾਂ ਤੇ ਦੋ ਪਹੀਆ ਵਾਹਨ ਚੋਰੀ ਕਰਨ ਦੇ ਦੋ ਕੇਸਾਂ ਵਿਚ ਗ੍ਰਿਫਤਾਰੀ ਹੋਣ ਤੇ ਉਸਦੇ ਪਿਤਾ ਸੁਰਿੰਦਰ ਕੰਬੋਜ ਵੱਲੋਂ ਚੰਡੀਗੜ੍ਹ ਵਿਚ 2007 ਵਿਚ ਦੇਹ ਵਪਾਰ ਦੇ ਧੰਦੇ ਵਿਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਉਣ ਦੇ ਬਾਵਜੂਦ ਗੋਲਡੀ ਕੰਬੋਜ ਨੂੰ ਟਿਕਟ ਦਿੱਤੀ ਸੀ।

ਦੋਵਾਂ ਆਗੂਆਂ ਨੇ ਜਲੰਧਰ ਸ਼ਹਿਰ ਵਿਚ ਉਮੀਦਵਾਰ ਦੀ ਸਾਖ ’ਤੇ ਸਵਾਲ ਹੋਣ ਦੇ ਬਾਵਜੂਦ ਵੀ ਪਾਰਟੀ ਬਦਲਣ ਵਾਲੇ ਆਗੂ ਨੂੰ ਆਪ ਦੀ ਟਿਕਟ ਦਿੱਤੀ।

ਗਰੇਵਾਲ ਨੇ ਕਿਹਾ ਕਿ ਆਪ ਦੇ ਕਨਵੀਨਰ ਨੇ ਜਨਤਕ ਤੌਰ ’ਤੇ ਕਿਹਾ ਸੀ ਕਿ ਉਹਨਾਂ ਦੀ ਪਾਰਟੀ ਹੋਰਨਾਂ ਪਾਰਟੀਆਂ ਦਾ ਕੂੜਾ ਨਹੀਂ ਚੁੱਕੇਗੀ। ਉਹਨਾਂ ਕਿਹਾ ਕਿ ਹੁਣ ਉਹ ਇਹ ਦੱਸਣ ਕਿ ਉਹਨਾਂ ਨੇ ਸਾਬਕਾ ਕਾਂਗਰਸੀ ਵਿਧਾਇਕ ਨੂੰ ਟਿਕਟ ਦੇ ਕੇ ਕੂੜਾ ਚੁੱਕਣ ਵਾਲਾ ਕੰਮ ਕਿਉਂ ਕੀਤਾ ਹੈ।

Leave a Reply