ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਇਕ ਵਾਰ ਸੱਤਾ ਵਿਚ ਆਉਣ ’ਤੇ ਅਕਾਲੀ ਦਲ-ਬਸਪਾ ਗਠਜੋੜ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਸਮੇਤ ਉਹਨਾਂ ਸਾਰਿਆਂ ਖਿਲਾਫ ਜਾਂਚ ਕਰਵਾਈ ਜਿਹਨਾਂ ਨੇ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦੇ ਹੁਕਮ ਦਿੱਤੇ ਸਨ ਤੇ ਜਿਹਨਾਂ ਨੇ ਸੁਰੱਖਿਆ ਵਾਪਸ ਲੈਣ ਦਾ ਸੋਸ਼ਲ ਮੀਡੀਆ ’ਤੇ ਪ੍ਰਚਾਰ ਕੀਤਾ।

ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਸਿੱਧੂ ਮੂਸੇਵਾਲਾ ਦੀ ਸੁਰੱਖਿਆ ਵਾਪਸ ਲੈਣ ਦਾ ਪ੍ਰਚਾਰ ਕਰਨ ਦੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦੇ ਕਿਉਂਕਿ ਉਹਨਾਂ ਦੇ ਪ੍ਰਚਾਰ ਕਾਰਨ ਹੀ ਮੂਸੇਵਾਲਾ ਦਾ ਕਤਲ ਕੀਤਾ ਗਿਆ। ਉਹਨਾਂ ਕਿਹਾ ਕਿ ਮੁੱਖ ਮੰਤਰੀ, ਉਹਨਾਂ ਦੇ ਮੀਡੀਆ ਡਾਇਰੈਕਟਰ ਤੇ ਉਹ ਪੁਲਿਸਅਧਿਕਾਰੀ ਜਿਹਨਾਂ ਨੇ ਸੁਰੱਖਿਆ ਵਾਪਸ ਲੈਣ ਦੀ ਸਿਫਾਰਸ਼ ਕੀਤੀ, ਉਹਨਾਂ ਸਾਰਿਆਂ ਖਿਲਾਫ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇਗੀ।

ਸੁਖਬੀਰ ਸਿੰਘ ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਮੂਸੇਵਾਲ ਦਾ ਕਤਲ ਪਿੱਛੇ ਸਾਹਮਣੇ ਦਿਸਦੇ ਕਾਰਨਾਂ ਤੋਂ ਇਲਾਵਾ ਵੀ ਕਾਰਨ ਹਨ। ਉਹਨਾਂ ਕਿਹਾ ਕਿ ਇਹ ਕੇਸ ਬੰਦ ਕਰਨ ਲਈ ਯੋਜਨਾਬੱਧ ਤਰੀਕੇ ਨਾਲ ਪ੍ਰਚਾਰ ਕੀਤਾ ਜਾ ਰਿਹਾ ਹੈ ਜਦੋਂ ਕਿ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਉਹਨਾਂ ਦੇ ਪੁੱਤਰ ਵਿਚ ਸ਼ਾਮਲ ਲੋਕਾਂ ਦੀ ਸੂਚੀ ਅਧਿਕਾਰੀਆਂ ਨੂੰ ਸੌਂਪੀ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਕੋਈ ਠੋਸ ਕਾਰਵਾਈ ਨਹੀਂ ਕੀਤੀ ਜਾ ਰਹੀ।

ਬਾਦਲ ਨੇ ਮੁੱਖ ਮੰਤਰੀ ਵੱਲੋਂ ਕਤਲ ਕੇਸ ਦੇ ਮੁੱਖ ਸਾਜ਼ਿਸ਼ਕਾਰ ਗੋਲਡੀ ਬਰਾੜ ਨੂੰ ਅਮਰੀਕਾ ਤੋਂ ਗ੍ਰਿਫਤਾਰ ਕਰ ਕੇ ਭਾਰਤ ਲਿਆਉਣ ਲਈ ਢੁਕਵੇਂ ਕਦਮ ਨਾ ਚੁੱਕਣ ਦੀ ਵੀ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਬਜਾਏ ਇਸ ਮਾਮਲੇ ਵਿਚ ਕਾਰਵਾਈ ਕਰਨ ਦੇ ਸ੍ਰੀ ਭਗਵੰਤ ਮਾਨ ਨੇ ਇਹ ਝੂਠੇ ਦਾਅਵੇ ਕਰ ਦਿੱਤੇ ਕਿ ਅਮਰੀਕਾ ਵਿਚ ਗੋਲਡੀ ਬਰਾੜ ਗ੍ਰਿਫਤਾਰ ਹੋ ਗਿਆ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿਚ ਅਸੀਂ ਇਹ ਵੀ ਵੇਖਿਆ ਕਿ ਇਕ ਹੋਰ ਸਾਜ਼ਿਸ਼ਕਾਰ ਅਨਮੋਲ ਬਿਸ਼ਨੋਈ ਜੋ ਖਤਰਨਾਕ ਗੈਂਗਸਟਰ ਲਾਰੰਸ ਬਿਸ਼ਨੋਈ ਦਾ ਭਰਾ ਹੈ, ਕਿਵੇਂ ਅਮਰੀਕਾ ਵਿਚ ਇਕ ਵਿਆਹ ਪਾਰਟੀ ਵਿਚ ਨੱਚ ਰਿਹਾ ਸੀ। ਉਹਨਾਂ ਕਿਹਾ ਕਿ ਇਸ ਸਭ ਤੋਂ ਸੰਕੇਤ ਮਿਲਦਾ ਹੈ ਕਿਆਮਆਦਮੀ ਪਾਰਟੀ ਨੂੰ ਸਿੱਧੂ ਮਸੇਵਾਲਾ ਕਤਲ ਕੇਸ ਵਿਚ ਨਿਆਂ ਦੇਣ ਵਿਚ ਕੋਈ ਦਿਲਚਸਪੀ ਨਹੀਂ ਹੈ।

ਬਾਦਲ ਨੇ ਇਹ ਵੀ ਦੱਸਿਆ ਕਿ ਮੂਸੇਵਾਲਾ ਕਤਲ ਕੇਸ ਵਿਚ ਸ਼ਾਮਲ ਦੋ ਗੈਂਗਸਟਰ ਪਹਿਲਾਂ ਹੀ ਤਰਨਤਾਰਨ ਦੀ ਗੋਇੰਦਵਾਲ ਜੇਲ੍ਹ ਵਿਚ ਗੈਂਗਵਾਰ ਵਿਚ ਮਾਰੇ ਜਾ ਚੁੱਕੇ ਹਨ ਜਿਸ ਕਾਰਨ ਕੇਸ ਦੇ ਪ੍ਰਮੁੱਖ ਸਬੂਤ ਖਤਮ ਹੋ ਗਏ ਹਨ। ਉਹਨਾਂ ਕਿਹਾ ਕਿ ਸਰਕਾਰ ਬਣਨ ’ਤੇ ਕਤਲ ਕੇਸ ਦੀ ਜਾਂਚ ਕਰਦਿਆਂ ਇਹਨਾਂ ਸਾਰੇ ਨੁਕਤਿਆਂ ਦਾ ਧਿਆਨ ਰੱਖਿਆ ਜਾਵੇਗਾ ਤੇ ਸਾਰੇ ਦੋਸ਼ੀਆਂ ਦੀ ਗ੍ਰਿਫਤਾਰੀ ਤੇ ਉਹਨਾਂ ਨੂੰ ਸਜ਼ਾ ਮਿਲਣੀ ਯਕੀਨੀ ਬਣਾਈ ਜਾਵੇਗੀ ਤਾਂ ਜੋ ਪੀੜਤ ਪਰਿਵਾਰ ਨੂੰ ਨਿਆਂ ਮਿਲ ਸਕੇ।

Leave a Reply