ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਉਸ ਬਿਆਨ ਜਿਸ ਵਿੱਚ ਉਨ੍ਹਾਂ ਦਾਅਵਾ ਕੀਤਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਅਗਲੀ ਪੀੜ੍ਹੀ ਦੀ ਖ਼ੁਸ਼ਹਾਲੀ ਲਈ ਕੰਮ ਕਰ ਰਹੀ ਹੈ, ਦਾ ਗੰਭੀਰ ਨੋਟ ਲੈਂਦੇ ਹੋਏ, ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ‘ਆਪ’ ਦੇ ਇੱਕ ਸਾਲ ਦੇ ਸ਼ਾਸਨ ਤਹਿਤ ਮੌਜੂਦਾ ਪੀੜੀ ਨੂੰ ਵੀ ਬਰਬਾਦ ਕੀਤਾ ਜਾ ਰਿਹਾ ਹੈ ਕਿਉਂਕਿ ਸੂਬੇ ਵਿੱਚ ਅਮਨ-ਕਾਨੂੰਨ ਦੀ ਸਥਿਤੀ ਨੂੰ ਕਦੇ ਨਾ ਪੂਰਾ ਹੋਣ ਵਾਲਾ ਨੁਕਸਾਨ ਹੋਇਆ ਹੈ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ‘ਆਪ’ ਦੇ ਇੱਕ ਸਾਲ ਦੇ ਸ਼ਾਸਨਕਾਲ ‘ਚ ਜਿਸ ਤਰਾਂ ਦੇ ਘਿਣਾਉਣੇ ਅਪਰਾਧ ਹੋਏ, ਉਹ ਪਹਿਲਾਂ ਕਦੇ ਨਹੀਂ ਦੇਖੇ ਗਏ। ਮਾਨਸਾ ਜ਼ਿਲ੍ਹੇ ‘ਚ ਬੀਤੀ ਰਾਤ ਛੇ ਸਾਲਾ ਬੱਚੇ ਉਦੈਵੀਰ ਸਿੰਘ ਦਾ ਉਸ ਸਮੇਂ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ, ਜਦੋਂ ਉਹ ਆਪਣੇ ਪਿਤਾ ਤੇ ਭੈਣ ਨਾਲ ਆਪਣੇ ਘਰ ਵੱਲ ਜਾ ਰਿਹਾ ਸੀ।

“ਕੀ ਉਹ (ਮੁੱਖ ਮੰਤਰੀ ਮਾਨ) ਆਉਣ ਵਾਲੀਆਂ ਪੀੜ੍ਹੀਆਂ ਦੀ ਖ਼ੁਸ਼ਹਾਲੀ ਲਈ ਇਸ ਤਰਾਂ ਕੰਮ ਕਰ ਰਹੇ ਹਨ? ਜਾਪਦਾ ਹੈ ਕਿ ਉਨ੍ਹਾਂ ਨੇ ਸੂਬੇ ਦੇ ਅਪਰਾਧੀਆਂ ਨੂੰ ਖੁੱਲ੍ਹੀ ਛੋਟ ਦੇ ਦਿੱਤੀ ਹੈ। ਜਦੋਂ ਤੋਂ ‘ਆਪ’ ਦੀ ਸਰਕਾਰ ਬਣੀ ਹੈ, ਉਦੋਂ ਤੋਂ ਹੀ ਬੰਦੂਕ ਨਾਲ ਸਬੰਧਿਤ ਅਪਰਾਧਾਂ ਵਿੱਚ ਵਾਧਾ ਹੋ ਰਿਹਾ ਹੈ। ਇੱਥੋਂ ਤੱਕ ਕਿ ਛੋਟੇ ਤੋਂ ਛੋਟੇ ਅਪਰਾਧੀਆਂ ਦੀ ਵੀ ਆਧੁਨਿਕ ਹਥਿਆਰਾਂ ਤੱਕ ਪਹੁੰਚ ਹੈ। ਕੀ ‘ਆਪ’ ਆਉਣ ਵਾਲੀਆਂ ਪੀੜ੍ਹੀਆਂ ਲਈ ਇਸ ਤਰਾਂ ਦੀ ਮਿਸਾਲ ਕਾਇਮ ਕਰਨ ਜਾ ਰਹੀ ਹੈ? ਬਾਜਵਾ ਨੇ ਅੱਗੇ ਕਿਹਾ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਕਾਨੂੰਨ ਵਿਵਸਥਾ ਦੀ ਸਥਿਤੀ ਰੋਜ਼ਾਨਾ ਇੱਕ ਨਵੇਂ ਨੀਵੇਂ ਪੱਧਰ ‘ਤੇ ਪਹੁੰਚ ਰਹੀ ਹੈ। “ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋਇਆ ਹੈ ਜਿਸ ਵਿੱਚ ਇੱਕ ਨੌਜਵਾਨ ਚੌਕ ਦੇ ਵਿਚਕਾਰ ਬੈਠ ਕੇ ਨਸ਼ੇ ਦਾ ਟੀਕਾ ਲਾ ਰਿਹਾ ਹੈ। ਇਹ ਵੀਡੀਓ ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਦੀ ਦੱਸੀ ਜਾ ਰਹੀ ਹੈ। ਕੀ ਇਸ ਤਰਾਂ ਉਹ ਨੌਜਵਾਨਾਂ ਦਾ ਭਵਿੱਖ ਬਣਾਉਣ ਦੀ ਯੋਜਨਾ ਬਣਾ ਰਹੇ ਹਨ,”, ਵਿਰੋਧੀ ਧਿਰ ਦੇ ਆਗੂ ਨੇ ਕਿਹਾ।

ਇੱਕ ਬਿਆਨ ਵਿਚ ਬਾਜਵਾ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਇਸ ਨਾਲ ਨਜਿੱਠਣ ਲਈ ਵੱਡੇ-ਵੱਡੇ ਦਾਅਵੇ ਕੀਤੇ ਜਾਣ ਦੇ ਬਾਵਜੂਦ ਸੂਬੇ ਵਿਚ ਨਸ਼ਾਖੋਰੀ ਦਾ ਬੋਲਬਾਲਾ ਹੈ।

“ਪੰਜਾਬ ਦੇ ਮੁੱਖ ਮੰਤਰੀ ਨੌਜਵਾਨਾਂ ਵਿੱਚ ਖ਼ੁਸ਼ਹਾਲੀ ਲਿਆਉਣ ਲਈ ਝੂਠੇ ਦਾਅਵੇ ਕਰ ਰਹੇ ਹਨ, ਹਾਲਾਂਕਿ, ਜ਼ਮੀਨੀ ਹਕੀਕਤ ਇਸ ਦੇ ਉਲਟ ਬਿਆਨ ਕਰਦੀ ਹੈ। ਅਸਲ ਵਿੱਚ ‘ਆਪ’ ਸਰਕਾਰ ਕੋਲ ਆਉਣ ਵਾਲੀਆਂ ਪੀੜ੍ਹੀਆਂ ਦੇ ਭਵਿੱਖ ਨੂੰ ਬਣਾਉਣ ਲਈ ਕੋਈ ਰੋਡਮੈਪ ਨਹੀਂ ਹੈ,” ਵਿਰੋਧੀ ਧਿਰ ਦੇ ਆਗੂ ਨੇ ਕਿਹਾ।

Leave a Reply