ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਵੀਰਵਾਰ ਨੂੰ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਿਹਤ ਢਾਂਚੇ ਨੂੰ ਬਰਬਾਦ ਕਰਨ ਦੀਆਂ ਕੋਸ਼ਿਸ਼ਾਂ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਪਾਰਟੀ ਦੇ ਨਾਂ ‘ਤੇ ਰੱਖੇ ਗਏ ਕਲੀਨਿਕਾਂ ਨੇ ਗ਼ਲਤ ਤਰੀਕੇ ਨਾਲ ਕੰਮ ਕਰਨ ਦਾ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਹੈ। .

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਇਨ੍ਹਾਂ ਕਲੀਨਿਕਾਂ ਨੂੰ ਖੋਲ੍ਹਣ ਦੇ ਕੁੱਝ ਹਫ਼ਤਿਆਂ ਵਿੱਚ ਹੀ ਕਈ ਕਲੀਨਿਕਾਂ ਵਿੱਚ ਟੈਸਟਿੰਗ ਸੁਵਿਧਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ ਕਿਉਂਕਿ ਇੱਕ ਪ੍ਰਾਈਵੇਟ ਫ਼ਰਮ, ਜਿਸ ਨੇ ਇਨ੍ਹਾਂ ਕਲੀਨਿਕਾਂ ਵਿੱਚ ਕਲੀਨੀਕਲ ਲੈਬਾਰਟਰੀ ਡਾਇਗਨੌਸਟਿਕ ਸੇਵਾਵਾਂ ਪ੍ਰਦਾਨ ਕਰਨੀਆਂ ਸਨ, ਨੇ ਆਪਣੇ ਹੱਥ ਪਿੱਛੇ ਖਿੱਚ ਲਏ ਹਨ। ਇੱਕ ਖ਼ਬਰ ਦੇ ਮੁਤਾਬਿਕ, ਸੂਬੇ ਦੇ ਸਿਹਤ ਅਧਿਕਾਰੀਆਂ ਦੇ ਅਨੁਸਾਰ, ਪ੍ਰਾਈਵੇਟ ਫ਼ਰਮ ਲੰਬੇ ਸਮੇਂ ਲਈ ਇਕਰਾਰਨਾਮੇ ਦੀ ਮੰਗ ਕਰ ਰਹੀ ਸੀ।

ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ, “ਮੈਂ ਪਹਿਲਾਂ ਹੀ ਕਈ ਮੌਕਿਆਂ ‘ਤੇ ਇਹ ਮੁੱਦਾ ਉਠਾਇਆ ਹੈ ਕਿ ਸਰਕਾਰ ਨੇ ਲੋੜੀਂਦਾ ਬੁਨਿਆਦੀ ਢਾਂਚਾ ਨਹੀਂ ਬਣਾਇਆ ਸੀ ਅਤੇ ਇਸ ਦੀ ਬਜਾਏ ਉਨ੍ਹਾਂ ਨੇ ਜੋ ਕੀਤਾ, ਉਹ ਸਿਰਫ਼ ਇਨ੍ਹਾਂ ਕਲੀਨਿਕਾਂ ਦੀ ਬਾਹਰੀ ਦਿੱਖ ਨੂੰ ਸੁੰਦਰ ਬਣਾਉਣ ਲਈ ਕੀਤਾ ਗਿਆ ਸੀ,” ਬਾਜਵਾ ਨੇ ਅੱਗੇ ਕਿਹਾ।

ਬਾਜਵਾ ਨੇ ‘ਆਪ’ ਸਰਕਾਰ ਨੂੰ ਸੂਬੇ ਵਿੱਚ 16 ਮੈਡੀਕਲ ਕਾਲਜ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲ ਬਣਾਉਣ ਦੇ ਆਪਣੇ ਪਿਛਲੇ ਬਜਟ ਸੈਸ਼ਨ ਦੇ ਵਾਅਦੇ ਦੀ ਯਾਦ ਦਿਵਾਈ।

ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਨੇ ਪੰਜ ਸਾਲਾਂ ਵਿੱਚ ਸੂਬੇ ਵਿੱਚ 16 ਮੈਡੀਕਲ ਕਾਲਜ ਅਤੇ ਸੁਪਰ-ਸਪੈਸ਼ਲਿਟੀ ਹਸਪਤਾਲ ਬਣਾਉਣ ਦਾ ਐਲਾਨ ਕੀਤਾ ਹੈ। ਇਹ ਵਾਅਦਾ ਵੀ ਲਟਕਦਾ ਨਜ਼ਰ ਆ ਰਿਹਾ ਹੈ ਕਿਉਂਕਿ ਸਰਕਾਰ ਹੁਣ ਤੱਕ ਮੋਹਾਲੀ ਵਿੱਚ ਅਜਿਹੇ ਸਿਰਫ਼ ਇੱਕ ਇੰਸਟੀਚਿਊਟ ‘ਤੇ ਹੀ ਕੰਮ ਸ਼ੁਰੂ ਕਰ ਸਕੀ ਹੈ। ਸਾਰੇ ਲੋੜੀਂਦੇ ਬੁਨਿਆਦੀ ਢਾਂਚੇ ਦੇ ਨਾਲ ਇੱਕ ਢੁਕਵਾਂ ਮੈਡੀਕਲ ਕਾਲਜ ਸਥਾਪਤ ਕਰਨ ਵਿੱਚ ਕਈ ਸਾਲ ਲੱਗ ਜਾਂਦੇ ਹਨ। ਹਾਲਾਂਕਿ, ਸਰਕਾਰ ਇਸ ਫ਼ੈਸਲੇ ‘ਤੇ ਵੀ ਨਹੀਂ ਪਹੁੰਚ ਸਕੀ ਹੈ ਕਿ ਸੂਬੇ ਦੇ ਹੋਰ ਹਸਪਤਾਲ ਕਿੱਥੇ ਬਣਾਏ ਜਾਣ।

“ਆਪ ਸਰਕਾਰ ਦੇ ਇੱਕ ਸਾਲ ਦੇ ਸ਼ਾਸਨ ਵਿੱਚ ਪੰਜਾਬ ਵਿੱਚ ਸਿਹਤ ਬੁਨਿਆਦੀ ਢਾਂਚਾ ਪਹਿਲਾਂ ਹੀ ਨਵੀਆਂ ਨੀਵਾਂ ‘ਤੇ ਪਹੁੰਚ ਗਿਆ ਹੈ। ਪੰਜਾਬੀਆਂ ਨੇ ਪਹਿਲਾਂ ਹੀ ਦੇਖਿਆ ਹੈ ਕਿ ਉਨ੍ਹਾਂ ਨੇ ਬੁਨਿਆਦੀ ਢਾਂਚੇ ਨੂੰ ਅਪਗ੍ਰੇਡ ਕੀਤੇ ਅਤੇ ਭਰਤੀ ਕੀਤੇ ਬਿਨਾਂ ਉਨ੍ਹਾਂ ਦੀ ਆਪਣੀ ਪਾਰਟੀ ਦੇ ਨਾਂ ‘ਤੇ ਸੂਬੇ ਦੇ ਮੌਜੂਦਾ ਸਿਹਤ ਕੇਂਦਰਾਂ ਨੂੰ ਕਿਵੇਂ ਬਰਬਾਦ ਕਰ ਦਿੱਤਾ ਹੈ। ਇਹੀ ਕੁੱਝ ਹੁਣ ਉਹ ਮੈਡੀਕਲ ਸਿੱਖਿਆ ਲਈ ਕਰਨ ਜਾ ਰਹੇ ਹਨ”, ਬਾਜਵਾ ਨੇ ਅੱਗੇ ਕਿਹਾ।

ਇੱਕ ਬਿਆਨ ਵਿੱਚ ਬਾਜਵਾ ਨੇ ਕਿਹਾ ਕਿ ਕੁੱਝ ਮੀਡੀਆ ਨੇ ਪਹਿਲਾਂ ਹੀ ਖ਼ਬਰਾਂ ਪ੍ਰਕਾਸ਼ਿਤ ਕੀਤੀਆਂ ਹਨ ਕਿ ਅੰਮ੍ਰਿਤਸਰ ਦਾ ਸਰਕਾਰੀ ਡੈਂਟਲ ਕਾਲਜ ਸਿਰਫ਼ ਅੱਠ ਅਧਿਆਪਕਾਂ ਨਾਲ ਚੱਲ ਰਿਹਾ ਹੈ, ਜਦੋਂ ਕਿ ਪ੍ਰੋਫ਼ੈਸਰ, ਐਸੋਸੀਏਟ ਪ੍ਰੋਫੈਸਰ ਅਤੇ ਅਸਿਸਟੈਂਟ ਪ੍ਰੋਫੈਸਰ ਦੀਆਂ ਮਨਜ਼ੂਰ ਅਸਾਮੀਆਂ 56 ਹਨ। ਇਸ ਤੋਂ ਇਲਾਵਾ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਪਿਛਲੇ ਛੇ ਮਹੀਨਿਆਂ ਤੋਂ ਫੁੱਲ-ਟਾਈਮ ਵਾਈਸ-ਚਾਂਸਲਰ ਤੋਂ ਬਿਨਾਂ ਕੰਮ ਕਰ ਰਿਹਾ ਹੈ।

“ਮੁੱਖ ਮੰਤਰੀ ਕੋਲ ਸੂਬੇ ਵਿੱਚ ਨਵੇਂ ਮੈਡੀਕਲ ਇੰਸਟੀਚਿਊਟ ਬਣਾਉਣ ਦਾ ਪੂਰਾ ਅਧਿਕਾਰ ਹੈ। ਪਰ ਉਸ ਨੂੰ ਪਿਛਲੀਆਂ ਸੰਸਥਾਵਾਂ ਨੂੰ ਨਜ਼ਰਅੰਦਾਜ਼ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਉਸ ਨੂੰ ਪਹਿਲਾਂ ਬਣੇ ਸਿਹਤ ਅਤੇ ਮੈਡੀਕਲ ਸੰਸਥਾਵਾਂ ‘ਤੇ ਵੀ ਨਜ਼ਰ ਰੱਖਣੀ ਚਾਹੀਦੀ ਹੈ। “, ਵਿਰੋਧੀ ਧਿਰ ਦੇ ਆਗੂ ਨੇ ਕਿਹਾ।

Leave a Reply