ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੂੰ ਉਨ੍ਹਾਂ ਕਿਸਾਨਾਂ ਲਈ ਬਹੁਤ ਘੱਟ ਮੁਆਵਜ਼ੇ ਦਾ ਐਲਾਨ ਕਰਨ ਲਈ ਸਖ਼ਤ ਨਿਖੇਧੀ ਕੀਤੀ, ਜਿਨ੍ਹਾਂ ਦੀ ਕਣਕ ਦੀ ਫ਼ਸਲ ਬੇਵਕਤੀ ਬਾਰਸ਼ ਅਤੇ ਗੜੇਮਾਰੀ ਨਾਲ ਬੁਰੀ ਤਰਾਂ ਨੁਕਸਾਨੀ ਗਈ ਹੈ।

‘ਆਪ’ ਸਰਕਾਰ ਵੱਲੋਂ ਦਿੱਤੇ ਜਾ ਰਹੇ ਰਾਹਤ ਪੈਕੇਜ ਵਿੱਚ ਵਿਸਥਾਰ ਦੀ ਮੰਗ ਕਰਦਿਆਂ, ਸੀਨੀਅਰ ਕਾਂਗਰਸੀ ਆਗੂ, ਬਾਜਵਾ ਨੇ ਕਿਹਾ ਕਿ ਇੰਨੇ ਘੱਟ ਮੁਆਵਜ਼ੇ ਨਾਲ, ਕਣਕ ਦੇ ਕਿਸਾਨ ਆਪਣੀ ਇਨਪੁਟ ਲਾਗਤ ਦੀ ਵਸੂਲੀ ਵੀ ਨਹੀਂ ਕਰ ਸਕਣਗੇ।

“ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹਾਲ ਹੀ ਵਿੱਚ ਕਣਕ ਦੀ ਫ਼ਸਲ ਦੇ ਨੁਕਸਾਨ ਲਈ 25 ਫ਼ੀਸਦੀ ਦਾ ਵਾਧਾ ਕੀਤਾ ਹੈ। ‘ਆਪ’ ਸਰਕਾਰ ਹੁਣ 12,000 ਰੁਪਏ ਦੀ ਬਜਾਏ 75 ਤੋਂ 100 ਫ਼ੀਸਦੀ ਫ਼ਸਲਾਂ ਦੇ ਨੁਕਸਾਨ ਲਈ ਪ੍ਰਤੀ ਏਕੜ 15,000 ਰੁਪਏ ਦੇਵੇਗੀ। ਜਦਕਿ ਕਣਕ ਦੀ ਫ਼ਸਲ ਦੀ ਇਨਪੁਟ ਲਾਗਤ (ਬਿਜਾਈ ਤੋਂ ਲੈ ਕੇ ਕਟਾਈ ਤੱਕ) ਲਗਭਗ 25,000 ਰੁਪਏ ਪ੍ਰਤੀ ਏਕੜ ਹੈ। ਉਹ ਕਿਸ ਤਰਾਂ ਦੀ ਰਾਹਤ ਹੈ ਜਿਸ ਨਾਲ ਕਿਸਾਨ ਇਨਪੁਟ ਲਾਗਤ ਦੀ ਵਸੂਲੀ ਵੀ ਨਹੀਂ ਕਰ ਸਕਣਗੇ? ਮੁੱਖ ਮੰਤਰੀ ਨੂੰ ਇਹ ਦੱਸਣਾ ਚਾਹੀਦਾ ਹੈ ਕਿ ਉਹ ਅਜਿਹੇ ਨਾਕਾਫ਼ੀ ਮੁਆਵਜ਼ੇ ਨੂੰ ਕਿਵੇਂ ਜਾਇਜ਼ ਠਹਿਰਾਉਂਦੇ ਹਨ,” ਬਾਜਵਾ ਨੇ ਕਿਹਾ।

ਬਾਜਵਾ ਨੇ ਕਿਹਾ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਕਣਕ ਦੇ ਕਿਸਾਨਾਂ ਨੂੰ ਵੀ ਧਿਆਨ ਵਿੱਚ ਰੱਖੇ ਜਿਨ੍ਹਾਂ ਨੇ ਮਾਲਕਾਂ ਨੂੰ ਲਗਭਗ 35,000 ਰੁਪਏ ਪ੍ਰਤੀ ਏਕੜ ਜ਼ਮੀਨ ਦਾ ਸਾਲਾਨਾ ਠੇਕਾ ਅਦਾ ਕਰਨਾ ਹੈ। ਪੰਜਾਬ ਦੇ ਕੁੱਝ ਹਿੱਸਿਆਂ ਵਿੱਚ, ਜ਼ਮੀਨ ਦਾ ਸਾਲਾਨਾ ਠੇਕਾ 40,000 ਰੁਪਏ ਤੋਂ ਉੱਪਰ ਹੈ।

ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਡੀਜ਼ਲ, ਖਾਦਾਂ ਅਤੇ ਲੇਬਰ ਦੀਆਂ ਕੀਮਤਾਂ ਅਸਮਾਨ ਛੂਹ ਰਹੀਆਂ ਹਨ। ਕਿਸਾਨਾਂ ਨੂੰ ਆਪਣੀਆਂ ਪਰਿਵਾਰਿਕ ਜ਼ਰੂਰਤਾਂ ਦਾ ਪ੍ਰਬੰਧਨ ਕਰਨਾ ਪਏਗਾ ਜਦੋਂ ਕਿ ਉਨ੍ਹਾਂ ਨੂੰ ਅਗਲੀ ਫ਼ਸਲ ਦੀ ਬਿਜਾਈ ਲਈ ਤਿਆਰ ਹੋਣ ਲਈ ਪੈਸੇ ਦੀ ਵੀ ਜ਼ਰੂਰਤ ਹੋਏਗੀ। ਸਰਕਾਰ ਨੂੰ ਘੱਟੋ ਘੱਟ ਇਨਪੁਟ ਲਾਗਤ ਦੇ ਅਨੁਸਾਰ ਇੱਕ ਰਾਹਤ ਪੈਕੇਜ ਪ੍ਰਦਾਨ ਕਰਨਾ ਚਾਹੀਦਾ ਹੈ ਤਾਂ ਜੋ ਕਿਸਾਨ ਭਾਈਚਾਰੇ ਦੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾ ਸਕੇ।

“ਮੁੱਖ ਮੰਤਰੀ ਨੇ ਕਿਹਾ ਕਿ ਮੁਆਵਜ਼ਾ ਵਿਸਾਖੀ ਤੋਂ ਪਹਿਲਾਂ ਪ੍ਰਭਾਵਿਤ ਕਿਸਾਨਾਂ ਤੱਕ ਪਹੁੰਚ ਜਾਵੇਗਾ। ਇਹ ਕਿਵੇਂ ਸੰਭਵ ਹੋਵੇਗਾ ਜਦੋਂ ਬਹੁਗਿਣਤੀ ਪੰਜਾਬ ਵਿੱਚ ਫ਼ਸਲਾਂ ਦੇ ਨੁਕਸਾਨ ਦਾ ਮੁਲਾਂਕਣ ਸ਼ੁਰੂ ਨਹੀਂ ਕੀਤਾ ਗਿਆ ਹੈ? ਮੁੱਖ ਮੰਤਰੀ ਮਾਨ ਨੂੰ ਹਾਸੋਹੀਣੇ ਬਿਆਨ ਦੇਣਾ ਬੰਦ ਕਰਨਾ ਚਾਹੀਦਾ ਹੈ ਅਤੇ ਪੂਰੇ ਪੰਜਾਬ ਵਿੱਚ ਫ਼ਸਲਾਂ ਦੇ ਨੁਕਸਾਨ ਦਾ ਸਹੀ ਸਰਵੇਖਣ ਕਰਨਾ ਯਕੀਨੀ ਬਣਾਉਣਾ ਚਾਹੀਦਾ ਹੈ”, ਬਾਜਵਾ ਨੇ ਅੱਗੇ ਕਿਹਾ।

Leave a Reply