ਜਲੰਧਰ: ਆਮ ਆਦਮੀ ਪਾਰਟੀ ਦੇ ਕੌਮੀ ਕੋਆਰਡੀਨੇਟਰ ਅਰਵਿੰਦ ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਆਪ’ ਸਰਕਾਰ ਪੰਜਾਬ ਦੀ ਪਹਿਲੀ ਅਜਿਹੀ ਸਰਕਾਰ ਹੈ ਜਿਸ ਨੇ ਇੱਕ ਸਾਲ ਵਿੱਚ ਇੰਨੇ ਵੱਡੇ ਕੰਮ ਕੀਤੇ ਹਨ। ਉਨ੍ਹਾਂ ਕਿਹਾ ਕਿ ਹੁਣ ਪੰਜਾਬ ਦੇ ਨੌਜਵਾਨਾਂ ਨੂੰ ਨੌਕਰੀਆਂ ਮਿਲ ਰਹੀਆਂ ਹਨ। ਕੱਚੇ ਮੁਲਾਜ਼ਮ ਪੱਕੇ ਹੋ ਰਹੇ ਹਨ। ਆਮ ਲੋਕਾਂ ਦੇ ਬਿਜਲੀ ਦੇ ਬਿੱਲ ਜ਼ੀਰੋ ਆਉਣ ਲੱਗੇ ਹਨ। ਕਿਸਾਨਾਂ ਨੂੰ ਫ਼ਸਲਾਂ ਦੀ ਅਦਾਇਗੀ ਸਮੇਂ ਸਿਰ ਕੀਤੀ ਜਾ ਰਹੀ ਹੈ। ਫਸਲਾਂ ਦੇ ਨੁਕਸਾਨ ਲਈ ਮੁਆਵਜ਼ਾ ਰਾਸ਼ੀ ਵੀ ਵਧ ਗਈ ਹੈ ਅਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਵੀ ਹੁਣ ਇੱਕ-ਇੱਕ ਕਰੋੜ ਰੁਪਏ ਮਿਲ ਰਹੇ ਹਨ। ਇਹ ਸਭ ਇਮਾਨਦਾਰ ਸਰਕਾਰ ਦੀ ਬਦੌਲਤ ਹੋ ਰਿਹਾ ਹੈ।

ਜਲੰਧਰ ਉਪ ਚੋਣ ‘ਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦਾ ਪ੍ਰਚਾਰ ਕਰਨ ਲਈ ਸ਼ਨੀਵਾਰ ਨੂੰ ‘ਆਪ’ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਪਹੁੰਚੇ। ਦੋਵਾਂ ਆਗੂਆਂ ਨੇ ਜਲੰਧਰ ਸ਼ਹਿਰ ਦੇ ਸਾਰੇ ਹਲਕਿਆਂ, ਜਲੰਧਰ ਕੇਂਦਰੀ, ਜਲੰਧਰ ਪੱਛਮੀ, ਜਲੰਧਰ ਉੱਤਰੀ ਅਤੇ ਜਲੰਧਰ ਛਾਉਣੀ ਦੇ ਸਾਰੇ ਹਲਕਿਆਂ ਵਿੱਚ ਰੋਡ ਸ਼ੋਅ ਕੀਤੇ ਅਤੇ ਲੋਕਾਂ ਨੂੰ ‘ਆਪ’ ਉਮੀਦਵਾਰ ਨੂੰ ਜਿਤਾਉਣ ਦੀ ਅਪੀਲ ਕੀਤੀ।

ਲੋਕਾਂ ਨੂੰ ਸੰਬੋਧਨ ਕਰਦਿਆਂ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਜਦੋਂ ਅਸੀਂ 300 ਯੂਨਿਟ ਬਿਜਲੀ ਮੁਫਤ ਕਰਨ ਦਾ ਐਲਾਨ ਕੀਤਾ ਸੀ ਤਾਂ ਵਿਰੋਧੀ ਪਾਰਟੀਆਂ ਸਵਾਲ ਚੁੱਕ ਰਹੀਆਂ ਸਨ ਕਿ ਬਿਜਲੀ ਮੁਫਤ ਕਿਵੇਂ ਕੀਤੀ ਜਾਵੇ। ਪੰਜਾਬ ਕੋਲ ਇੰਨਾ ਪੈਸਾ ਨਹੀਂ ਹੈ। ਪਰ ਸਾਡੀ ਸਰਕਾਰ ਨੇ ਸਾਬਤ ਕਰ ਦਿੱਤਾ ਹੈ ਕਿ ਜੇਕਰ ਮੁੱਖ ਮੰਤਰੀ ਇਮਾਨਦਾਰ ਅਤੇ ਸੁਹਿਰਦ ਹੋਣ ਤਾਂ ਸਭ ਕੁਝ ਸੰਭਵ ਹੈ। ਅਸੀਂ ਬਿਜਲੀ ਵੀ ਮੁਫਤ ਕੀਤੀ ਹੈ ਅਤੇ ਸਰਕਾਰ ਦਾ ਮਾਲੀਆ ਵੀ ਵਧ ਰਿਹਾ ਹੈ ਕਿਉਂਕਿ ਪੰਜਾਬ ਵਿੱਚ ਪੈਸੇ ਦੀ ਕੋਈ ਕਮੀ ਨਹੀਂ ਹੈ। ਪਹਿਲਾਂ ਸਰਕਾਰੀ ਖਜ਼ਾਨੇ ਦਾ ਪੈਸਾ ਭ੍ਰਿਸ਼ਟਾਚਾਰੀਆਂ ਅਤੇ ਮਾਫੀਆ ਦੀਆਂ ਜੇਬਾਂ ਵਿੱਚ ਜਾਂਦਾ ਸੀ। ਹੁਣ ਉਸੇ ਪੈਸੇ ਨਾਲ ਲੋਕਾਂ ਦੇ ਕੰਮ ਹੋ ਰਹੇ ਹਨ।

ਉਨ੍ਹਾਂ ਕਿਹਾ ਕਿ ਸਾਨੂੰ ਕਈ ਲੋਕ ਆ ਕੇ ਸਮਝਾਉਂਦੇ ਹਨ ਕਿ ਸਰਕਾਰ ਬਣੀ ਨੂੰ ਅਜੇ ਤਿੰਨ ਮਹੀਨੇ ਹੀ ਹੋਏ ਹਨ। ਅਜੇ ਬਿਜਲੀ ਦਾ ਬਿੱਲ ਜ਼ੀਰੋ ਨਾ ਕਰੋ। ਇਹ ਕੰਮ ਪੰਜਵੇਂ ਸਾਲ ਵਿੱਚ ਕੀਤਾ ਜਾਣਾ ਚਾਹੀਦਾ ਹੈ। ਪਰ ਸਰਕਾਰ ਬਣਨ ਦੇ ਤਿੰਨ ਮਹੀਨਿਆਂ ਦੇ ਅੰਦਰ ਹੀ ਅਸੀਂ ਬਿਜਲੀ ਦਾ ਬਿੱਲ ਜ਼ੀਰੋ ਕਰ ਦਿੱਤਾ ਕਿਉਂਕਿ ਅਸੀਂ ਰਾਜਨੀਤੀ ਕਰਨ ਨਹੀਂ ਸਗੋਂ ਲੋਕਾਂ ਦੇ ਕੰਮ ਕਰਨ ਆਏ ਹਾਂ।

ਕੇਜਰੀਵਾਲ ਨੇ ਜਲੰਧਰ ਦੇ ਲੋਕਾਂ ਨੂੰ ‘ਆਪ’ ਉਮੀਦਵਾਰ ਸੁਸ਼ੀਲ ਰਿੰਕੂ ਨੂੰ ਜਿਤਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਅਸੀਂ ਤੁਹਾਡੇ ਕੋਲ ਇੱਕ ਸਾਲ ਦਾ ਸਮਾਂ ਮੰਗਣ ਆਏ ਹਾਂ। ਤੁਸੀਂ ਕਾਂਗਰਸ ਨੂੰ 60 ਸਾਲ ਦਿੱਤੇ। ਹੁਣ ਸਾਨੂੰ 11 ਮਹੀਨੇ ਦਿਓ ਅਤੇ ਵੇਖੋ। ਜੇਕਰ ਤੁਹਾਨੂੰ ਸਾਡਾ ਕੰਮ ਪਸੰਦ ਨਹੀਂ ਆਇਆ ਤਾਂ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਸਾਨੂੰ ਵੋਟ ਨਾ ਦੇਣਾ।

Leave a Reply