ਚੰਡੀਗੜ੍ਹ: ਆਮ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਵਾਅਦਿਆਂ ਨੂੰ ਝੂਠ ਦਾ ਪੁਲੰਦਾ ਦੱਸਦੇ ਹੋਏ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ਨੀਵਾਰ ਨੂੰ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਹ ਦੱਸਣ ਲਈ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ 2015 ਵਿੱਚ ਦੋ ਸਿੱਖਾਂ ਦੀ ਕਥਿਤ ਹੱਤਿਆ ‘ਤੇ ਨਿਆਂ ਦੀ ਮੰਗ ਕਰ ਰਹੇ ਸਿੱਖ ਪ੍ਰਦਰਸ਼ਨਕਾਰੀਆਂ ਨੂੰ ਉਸ ‘ਤੇ ਵਿਸ਼ਵਾਸ ਕਿਉਂ ਕਰਨਾ ਚਾਹੀਦਾ ਹੈ, ਜਦੋਂ ਕਿ ‘ਆਪ’ ਨੇ ਪਹਿਲਾਂ ਆਪਣੇ ਵਾਅਦੇ ਪੂਰੇ ਨਹੀਂ ਕੀਤੇ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਕੈਬਨਿਟ ਮੰਤਰੀ ਵੱਲੋਂ ਰੋਸ ਮੁਜ਼ਾਹਰੇ ਵਾਲੀ ਥਾਂ ‘ਤੇ ਜਾ ਕੇ ਮੁੜ ਸਿੱਖ ਜਥੇਬੰਦੀ ਨੂੰ 28 ਫਰਵਰੀ ਤੱਕ ਜਾਂਚ ਮੁਕੰਮਲ ਕਰਨ ਦੇ ਝੂਠੇ ਭਰੋਸੇ ਦੇਣ ਦੀ ਗੱਲ ਬਿਲਕੁਲ ਹੀ ਬੇਤੁਕੀ ਜਾਪਦੀ ਹੈ। ਅਸਲ ਵਿਚ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਦੀ ਕੈਬਨਿਟ ਨੇ ਕਈ ਮੌਕਿਆਂ ‘ਤੇ ਆਪਣੇ ਵਾਅਦਿਆਂ ਤੋਂ ਮੂੰਹ ਮੋੜਿਆ ਹੈ।

“ਸਰਕਾਰ ਨੇ ਪੰਚਾਇਤੀ ਜ਼ਮੀਨ ‘ਤੇ ਕਬਜ਼ਾ ਕਰਨ ਦੀ ਯੋਜਨਾ ਬਣਾਈ ਸੀ, ਜਿਸ ਨੂੰ ਕਥਿਤ ਤੌਰ ‘ਤੇ ਮੁਹਾਲੀ ਵਿੱਚ ਰੀਅਲ ਅਸਟੇਟ ਡਿਵੈਲਪਰਾਂ ਨੇ ਹੜੱਪ ਲਿਆ ਸੀ। ਕੁੱਝ ਮੀਡੀਆ ਰਿਪੋਰਟਾਂ ਦੇ ਅਨੁਸਾਰ, ਇਸ ਡਰਾਈਵ ਨੂੰ ਆਖ਼ਰੀ ਸਮੇਂ ‘ਤੇ ਛੱਡ ਦਿੱਤਾ ਗਿਆ ਸੀ। ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਇਸ ਬਾਰੇ ਅਜੇ ਤੱਕ ਕੁੱਝ ਨਹੀਂ ਕਿਹਾ। ਕੀ ਇਹ ‘ਆਪ’ ਦਾ ਸਪਸ਼ਟ ਦੋਹਰਾ ਚਿਹਰਾ ਨਹੀਂ ਹੈ,” ਵਿਰੋਧੀ ਧਿਰ ਦੇ ਆਗੂ ਨੇ ਪੁੱਛਿਆ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਪਹਿਲਾਂ ਹੀ ਇਸੇ ਮੁੱਦੇ ‘ਤੇ ਆਪਣੀ ਗੱਲ ਰੱਖਣ ਵਿੱਚ ਅਸਫਲ ਰਹੇ ਹਨ। ਸੰਧਵਾਂ ਨੇ ਪਿਛਲੇ ਸਾਲ 30 ਨਵੰਬਰ ਤੱਕ ਇਨਸਾਫ਼ ਦੇਣ ਦਾ ਵਾਅਦਾ ਕੀਤਾ ਸੀ ਪਰ ਫਿਰ ਵੀ ਇਹ ਅਧੂਰਾ ਰਿਹਾ।

“ਪਿਛਲੇ ਸਾਲ ਦਸੰਬਰ ਵਿੱਚ, ਕੁਲ ਦੀਪ ਸਿੰਘ ਧਾਲੀਵਾਲ ਨੇ ਜ਼ੀਰਾ ਸਬ-ਡਿਵੀਜ਼ਨ ਦੇ ਮਨਸੂਰਵਾਲਾ ਪਿੰਡ ਵਿੱਚ ਸ਼ਰਾਬ ਡਿਸਟਿਲਰੀ ਯੂਨਿਟ ਦੇ ਬਾਹਰ ਪ੍ਰਦਰਸ਼ਨ ਵਾਲੀ ਥਾਂ ਦਾ ਦੌਰਾ ਕੀਤਾ ਸੀ। ਉਨ੍ਹਾਂ ਦੀ ਮੌਜੂਦਗੀ ਵਿਚ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਉਨ੍ਹਾਂ ਨੂੰ ‘ਆਪ’ ਸਰਕਾਰ ‘ਤੇ ਕੋਈ ਭਰੋਸਾ ਨਹੀਂ ਹੈ। ਇਸ ਤੋਂ ਵੱਡੀ ਸ਼ਰਮਨਾਕ ਗੱਲ ਹੋਰ ਕੀ ਹੋ ਸਕਦੀ ਹੈ? ਬਾਜਵਾ ਨੇ ਅੱਗੇ ਕਿਹਾ ਕਿ ਸਰਕਾਰ ਬਣਨ ਦੇ ਇੱਕ ਸਾਲ ਦੇ ਅੰਦਰ ਹੀ ਲੋਕਾਂ ਨੇ ‘ਆਪ’ ਦੀ ਸਰਕਾਰ ਵਿੱਚ ਅਵਿਸ਼ਵਾਸ ਪ੍ਰਗਟ ਕਰਨਾ ਸ਼ੁਰੂ ਕਰ ਦਿੱਤਾ।

ਵਿਰੋਧੀ ਧਿਰ ਦੇ ਨੇਤਾ ਨੇ ਕਿਹਾ ਕਿ ਆਪਣੇ ਅਵਿਸ਼ਵਾਸਯੋਗ ਕੈਬਨਿਟ ਸਾਥੀਆਂ ਰਾਹੀਂ ਝੂਠੇ ਭਰੋਸੇ ਦੇਣ ਦੀ ਬਜਾਏ, ਮੁੱਖ ਮੰਤਰੀ ਭਗਵੰਤ ਮਾਨ ਨੂੰ ਲੋਕਾਂ ਦੀਆਂ ਸ਼ਿਕਾਇਤਾਂ ਦੇ ਨਿਪਟਾਰੇ ਲਈ ਕਾਰਵਾਈ ਕਰਨੀ ਚਾਹੀਦੀ ਹੈ।

Leave a Reply