ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਪਹਿਲੇ ਪੂਰੇ ਬਜਟ ਨੂੰ ਪੂਰੀ ਤਰ੍ਹਾਂ ਨਿਰਾਸ਼ਾਜਨਕ ਕਰਾਰ ਦਿੰਦਿਆਂ ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਇਸ ਬਜਟ ਨੇ ਉਨ੍ਹਾਂ ਲੋਕਾਂ ਦੇ ਸੁਪਨੇ ਚੂਰ-ਚੂਰ ਕਰ ਦਿੱਤੇ ਹਨ, ਜਿਨ੍ਹਾਂ ਨੇ ‘ਆਪ’ ਨੂੰ ਸੱਤਾ ‘ਚ ਲਿਆਂਦਾ ਹੈ।

ਕਾਂਗਰਸ ਦੇ ਸੀਨੀਅਰ ਆਗੂ ਬਾਜਵਾ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਦੌਰਾਨ 75 ਸਾਲਾਂ ‘ਚ ਪੰਜਾਬ ‘ਤੇ 275000 ਕਰੋੜ ਦਾ ਕਰਜ਼ਾ ਸੀ। ਹਾਲਾਂਕਿ, ਜੇਕਰ ਇਹ ਸਰਕਾਰ ਆਪਣੀ ਪੰਜ ਸਾਲ ਦੀ ਮਿਆਦ ਪੂਰੀ ਕਰਨ ਵਿੱਚ ਕਾਮਯਾਬ ਹੋ ਜਾਂਦੀ ਹੈ, ਤਾਂ ਇਹ ਮੌਜੂਦਾ ਕਰਜ਼ੇ ਵਿੱਚ ਦੋ ਲੱਖ ਕਰੋੜ ਹੋਰ ਜੋੜ ਦੇਵੇਗੀ। ਸਰਕਾਰ 18 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਪ੍ਰਦਾਨ ਕਰਨ ਲਈ ਆਪਣਾ ਫਲੈਗਸ਼ਿਪ ਪ੍ਰੋਗਰਾਮ ਸ਼ੁਰੂ ਕਰਨ ਵਿੱਚ ਅਸਫਲ ਰਹੀ ਹੈ। ਵਿੱਤ ਮੰਤਰੀ ਨੇ ਉਸ ਪ੍ਰੋਗਰਾਮ ‘ਤੇ ਇੱਕ ਸ਼ਬਦ ਵੀ ਨਹੀਂ ਬੋਲਿਆ।

“ਆਪ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ, ਅਰਵਿੰਦ ਕੇਜਰੀਵਾਲ ਨੇ ਰੇਤ ਦੀ ਖ਼ੁਦਾਈ ਤੋਂ 20000 ਕਰੋੜ ਰੁਪਏ ਦੀ ਆਮਦਨੀ ਪੈਦਾ ਕਰਨ ਨੂੰ ਯਕੀਨੀ ਬਣਾਇਆ ਸੀ। ਇਸ ਦੌਰਾਨ, ਉਨ੍ਹਾਂ ਨੇ ਰੇਤ ਦੀ ਖ਼ੁਦਾਈ ਤੋਂ ਜੋ ਕਮਾਈ ਕੀਤੀ ਉਹ ਪਹਿਲੇ ਸਾਲਾਂ ਵਿੱਚ ਸਿਰਫ਼ 135 ਕਰੋੜ ਸੀ। ਉਨ੍ਹਾਂ ਨੇ ਬੁਢਾਪਾ ਪੈਨਸ਼ਨ ਅਤੇ ਵਿਧਵਾ ਪੈਨਸ਼ਨ ਨੂੰ 1500 ਰੁਪਏ ਤੋਂ 2500 ਰੁਪਏ ਪ੍ਰਤੀ ਮਹੀਨਾ ਵਧਾਉਣ ਦੀ ਗਾਰੰਟੀ ਦਿੱਤੀ ਸੀ। ਫਿਰ ਵੀ ਉਨ੍ਹਾਂ ਨੇ ਇਸ ਸਕੀਮ ਨੂੰ ਅਧੂਰਾ ਛੱਡ ਦਿੱਤਾ ਹੈ”, ਵਿਰੋਧੀ ਧਿਰ ਦੇ ਆਗੂ ਨੇ ਕਿਹਾ।

‘ਆਪ’ ਸਰਕਾਰ ਦਾ ਮਜ਼ਾਕ ਉਡਾਉਂਦੇ ਹੋਏ ਬਾਜਵਾ ਨੇ ਕਿਹਾ ਕਿ ਅਖੌਤੀ ਇਨਕਲਾਬੀਆਂ ਦੀ ਪਾਰਟੀ ਦੇ ਕੁੱਲ 92 ਵਿਧਾਇਕਾਂ ‘ਚੋਂ ਅੱਜ ਸਿਰਫ਼ 48 ਹੀ ਸਦਨ ‘ਚ ਮੌਜੂਦ ਸਨ। ਇਸੇ ਤਰਾਂ ਕੁੱਲ 14 ਮੰਤਰੀਆਂ ਵਿੱਚੋਂ ਸਿਰਫ਼ ਅੱਠ ਹੀ ਸਦਨ ਵਿੱਚ ਹਾਜ਼ਰ ਹੋਏ।

ਬਜਟ ਇਜਲਾਸ ਦੌਰਾਨ ਵਿਰੋਧੀ ਧਿਰ ਦੇ ਸਵਾਲਾਂ ਨੂੰ ਜਿਸ ਤਰ੍ਹਾਂ ਅਣਗੌਲਿਆ ਛੱਡਿਆ ਜਾ ਰਿਹਾ ਹੈ, ਉਸ ‘ਤੇ ਡੂੰਘੀ ਚਿੰਤਾ ਜ਼ਾਹਿਰ ਕਰਦਿਆਂ ਬਾਜਵਾ ਨੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੂੰ ਅਗਲੇ ਸੈਸ਼ਨ ਤੋਂ ਵੋਟਿੰਗ ਸ਼ੁਰੂ ਕਰਨ ਦੀ ਅਪੀਲ ਕੀਤੀ ਤਾਂ ਜੋ ਵਿਧਾਨ ਸਭਾ ਦੇ ਹਰੇਕ ਮੈਂਬਰ ਨੂੰ ਮੌਕਾ ਮਿਲ ਸਕੇ।

ਬਾਜਵਾ ਨੇ ਅੱਗੇ ਕਿਹਾ, “ਇਸ ਦੌਰਾਨ ਸਵਾਲ, ਜਿੱਥੇ ‘ਆਪ’ ਸਰਕਾਰ ਨੂੰ ਨਮੋਸ਼ੀ ਦਾ ਸਾਹਮਣਾ ਕਰਨਾ ਪੈਣਾ ਸੀ, ਨੂੰ ਸੁਣਿਆ ਨਹੀਂ ਗਿਆ। ਸਰਕਾਰ ਨੇ ਅਜਿਹੇ ਸਵਾਲਾਂ ਨੂੰ ਟਾਲ ਦਿੱਤਾ, ਜਿਨ੍ਹਾਂ ਦਾ ਜਵਾਬ ਦੇਣਾ ਮੁਸ਼ਕਲ ਸੀ।

ਬਾਜਵਾ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੇ ਨਿਰਪੱਖ ਭੂਮਿਕਾ ਨਹੀਂ ਨਿਭਾਈ। ਇਹ ਪੂਰੀ ਤਰ੍ਹਾਂ ਸਪੀਕਰ ਦੀ ਮਰਜ਼ੀ ਅਨੁਸਾਰ ਚੱਲ ਰਿਹਾ ਹੈ। ਸਿਰਫ਼ ‘ਆਪ’ ਵਿਧਾਇਕਾਂ ਦੇ ਹੀ ਸਵਾਲ ਕੀਤੇ ਜਾ ਰਹੇ ਸਨ। ਉਹ ਸਵਾਲ ਜੋ ਮੁੱਖ ਵਿਰੋਧੀ ਪਾਰਟੀ ਦੇ ਵਿਧਾਇਕ; ਕਾਂਗਰਸ ਪਾਰਟੀ; ਜਵਾਬ ਦੇਣਾ ਚਾਹੁੰਦੇ ਹਨ ਨੂੰ ਅਣਡਿੱਠ ਕੀਤਾ ਜਾ ਰਿਹਾ ਸੀ !

Leave a Reply