ਚੰਡੀਗੜ੍ਹ: ਆਮ ਆਦਮੀ ਪਾਰਟੀ (ਆਪ) ਨੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਦੇ ਬਿਆਨਾਂ ‘ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਪ੍ਰਤਾਪ ਸਿੰਘ ‘ਭਾਜਪਾ’ ਅਤੇ ਇੱਕ ਵਾਰ ਫਿਰ ਤੋਂ ਭਾਜਪਾ ਦੀ ਬੋਲੀ ਬੋਲ ਉਨ੍ਹਾਂ ਨੇ ਆਪਣਾ ਪੰਜਾਬ ਵਿਰੋਧੀ ਪੱਖ ਪੇਸ਼ ਕੀਤਾ ਹੈ।

ਮੰਗਲਵਾਰ ਨੂੰ ਚੰਡੀਗੜ੍ਹ ਦਫ਼ਤਰ ਤੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੂਬੇ ਦੇ ਮੁੱਖ ਬੁਲਾਰੇ ਮਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਇੱਕ ਪਾਸੇ ਤਾਂ ਕਾਂਗਰਸ ਦੇ ਕੌਮੀ ਲੀਡਰ ਦੇਸ਼ ਜੋੜਨ, ਰਾਜਾਂ ਦੇ ਅਧਿਕਾਰ ਵਧਾਉਣ ਅਤੇ ਫੈਡਰਲ ਢਾਂਚੇ ਨੂੰ ਮਜ਼ਬੂਤ ਕਰਨ ਦੀਆਂ ਗੱਲਾਂ ਕਰਦੇ ਹਨ ਅਤੇ ਦੂਜੇ ਪਾਸੇ ਪ੍ਰਤਾਪ ਸਿੰਘ ਬਾਜਵਾ ਰਾਜਪਾਲ ਦਾ ਪੱਖ ਪੂਰ ਰਹੇ ਹਨ। ਸ਼ਾਇਦ ਉਹ ਭੁੱਲ ਗਏ ਹਨ ਕਿ ਭਾਜਪਾ ਨੇ ਇਸੇ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰ ਅਰੁਣਾਚਲ ਪ੍ਰਦੇਸ਼, ਮਹਾਰਾਸ਼ਟਰ, ਗੋਆ, ਮੱਧ ਪ੍ਰਦੇਸ਼‌ ਅਤੇ ਕਰਨਾਟਕਾ ਵਿਚ ਜਾਂ ਤਾਂ ਕਾਂਗਰਸ ਦੀ ਸਰਕਾਰ ਡੇਗ ਦਿੱਤੀ ਜਾਂ ਬਹੁਮਤ ਹੋਣ ਦੇ ਬਾਵਜੂਦ ਸਰਕਾਰ ਬਣਨ ਨਹੀਂ ਦਿੱਤੀ। ਕੰਗ ਨੇ ਕਿਹਾ ਕਿ ਚਾਹੀਦਾ ਤਾਂ ਇਹ ਸੀ ਕਿ ਬਾਜਵਾ ਸਾਹਿਬ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹੱਕ ਵਿੱਚ ਬੋਲਦੇ ਪਰ ਉਨ੍ਹਾਂ ਦੀ ਬੋਲੀ ਸੁਣ ਕੇ ਤਾਂ ਭਾਜਪਾ ਦੇ ਬੁਲਾਰੇ ਵੀ ਸ਼ਰਮ ਮੰਨ ਜਾਣ।

ਮਲਵਿੰਦਰ ਕੰਗ ਨੇ ਅੱਗੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਹੁਸ਼ਿਆਰਪੁਰ ਸਿਰਫ਼ ਟੋਲ ਪਲਾਜ਼ਾ ਬੰਦ ਕਰਵਾਉਣ ਨਹੀਂ ਗਏ ਸਨ, ਸਗੋਂ ਉੱਥੇ ਉਨ੍ਹਾਂ ਲੋਕਾਂ ਨੂੰ ਇਹ ਵੀ ਦੱਸਿਆ ਕਿ ਕਿਸ ਤਰ੍ਹਾਂ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰ ਦੀ ਮਿਹਰਬਾਨੀ ਕਰਕੇ ਟੋਲ ਪਲਾਜੇ ਵਾਲੇ ਆਮ ਲੋਕਾਂ ਦੇ 300 ਕਰੋੜ ਰੁਪਏ ਲੁੱਟਣ ਵਿੱਚ ਕਾਮਯਾਬ ਰਹੇ। ਇਨ੍ਹਾਂ ਹੀ ਨਹੀਂ ਇਹ ਟੋਲ ਪਲਾਜ਼ਾ 2013 ਵਿੱਚ ਬੰਦ ਹੋਣਾ ਸੀ, ਅਤੇ ਉਨ੍ਹਾਂ ‘ਤੇ 60 ਕਰੋੜ ਉਲੰਘਣਾ ਕਰਨ ਕਾਰਨ ਜ਼ੁਰਮਾਨਾ ਵੀ ਲੱਗਿਆ ਸੀ। ਅਕਾਲੀ-ਭਾਜਪਾ ਸਰਕਾਰ ਨੇ ਨਾਂ ਸਿਰਫ ਉਨ੍ਹਾਂ ਦਾ ਜ਼ੁਰਮਾਨਾ ਮੁਆਫ ਕੀਤਾ ਸਗੋਂ ਉਨ੍ਹਾਂ ਨੂੰ 49 ਕਰੋੜ ਦੀ ਸਬਸਿਡੀ ਦੇ ਨਾਲ ਨਾਲ ਟੋਲ ਦਾ ਸਮਾਂ ਵੀ ਵਧਾ ਦਿੱਤਾ। ਇਸ ਦੌਰਾਨ ਪ੍ਰਤਾਪ ਸਿੰਘ ਬਾਜਵਾ ਆਪ ਵੀ ਪੀ ਡਬਲਿਊ ਡੀ ਮੰਤਰੀ ਰਹੇ ਤਾਂ ਉਨ੍ਹਾਂ ਆਮ ਲੋਕਾਂ ਲਈ ਕੀ ਕੀਤਾ।

ਪਟਿਆਲਾ-ਸਮਾਣਾ-ਪਾਤੜਾਂ ਟੋਲ ਪਲਾਜ਼ੇ ਸੰਬੰਧੀ ਸਵਾਲ ਦਾ ਜਵਾਬ ਦਿੰਦਿਆਂ ਕੰਗ ਨੇ ਕਿਹਾ ਕਿ ਉਨ੍ਹਾਂ ਨੂੰ ਮਾਣਯੋਗ ਕੋਰਟ ਤੋਂ 60 ਦਿਨ ਦਾ ਸਮਾਂ ਮਿਲਿਆ ਹੈ। ਪਰ ਇਸਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਦੀ ਲੁੱਟ ਜਾਰੀ ਰਹੇਗੀ, ਉਨ੍ਹਾਂ ਨੂੰ ਨੋਟਿਸ ਭੇਜ ਦਿੱਤਾ ਗਿਆ ਹੈ ਅਤੇ ਉਨ੍ਹਾਂ ਦਾ ਸਕਿਉਰਿਟੀ ਡਿਪਾਜ਼ਿਟ ਵੀ ਜ਼ਬਤ ਕਰ ਲਿਆ ਗਿਆ ਹੈ। ਜ਼ੀਰਾ ਸ਼ਰਾਬ ਫੈਕਟਰੀ ਮਾਮਲੇ ‘ਤੇ ਬਾਜਵਾ ਦੀ ਟਿੱਪਣੀ ‘ਤੇ ਕੰਗ ਨੇ ਕਿਹਾ ਕਿ ਜੇਕਰ ਉਹ ਮੰਨਦੇ ਹਨ ਕਿ ਜ਼ੀਰਾ ਸ਼ਰਾਬ ਫੈਕਟਰੀ ਬੰਦ ਕਰਕੇ ਭਗਵੰਤ ਮਾਨ ਨੇ ਗ਼ਲਤ ਕੀਤਾ ਹੈ ਤਾਂ ਮੈਂ ਉਨ੍ਹਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਜੇਕਰ ਦਮ ਹੈ ਤਾਂ ਇਹੀ ਗੱਲ ਉਹ ਜ਼ੀਰੇ ਦੇ ਲੋਕਾਂ ਵਿਚਕਾਰ ਬੈਠ ਕੇ ਕਹਿਣ।

ਉਨ੍ਹਾਂ ਅੱਗੇ ਕਿਹਾ ਕਿ ਕੱਲ੍ਹ ਤੱਕ ਜਿਹੜੇ ਕਾਂਗਰਸੀ ਅਕਾਲੀ ਜ਼ੀਰਾ ਧਰਨੇ ਵਿੱਚ ਮਗਰਮੱਛ ਦੇ ਹੰਝੂ ਵਹਾ ਰਹੇ ਸਨ, ਅੱਜ ਉਹ ਸ਼ਰਾਬ ਫੈਕਟਰੀ ਬੰਦ ਹੋਣ ‘ਤੇ ਰੌਲਾ ਪਾ ਰਹੇ ਹਨ। ਇਸ ਤੋਂ ਪਤਾ ਲੱਗਦਾ ਹੈ ਕਿ ਪੰਜਾਬ ਦੇ ਲੋਕਾਂ ਦਾ ਸੱਚਾ ਸ਼ੁਭਚਿੰਤਕ ਕੌਣ ਹੈ। ਪੰਦਰਾਂ ਸਾਲਾਂ ਤੋਂ ਜ਼ੀਰੇ ਦੀ ਫੈਕਟਰੀ ਦੇ ਜ਼ਹਿਰ ਨਾਲ ਲੋਕ ਤੜਫ ਰਹੇ ਸਨ, ਲੋਕਤੰਤਰ ਵਿੱਚ ਲੋਕਾਂ ਤੋਂ ਵੱਡਾ ਕੋਈ ਨਹੀਂ ਹੁੰਦਾ, ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਦੀ ਗੱਲ ਸੁਣੀ ਅਤੇ ਲੋਕ ਹਿੱਤ ਵਿੱਚ ਫੈਸਲਾ ਲਿਆ।

ਲੋਕਾਂ ਦੁਆਰਾ ਚੁਣੀ ਗਈ ਸਰਕਾਰ ਸਿਰਫ਼ ਪੰਜਾਬ ਦੇ ਲੋਕਾਂ ਅਤੇ ਸੰਵਿਧਾਨ ਪ੍ਰਤੀ ਜਵਾਬਦੇਹ ਹੈ। ਹੁਣ ਤਾਂ ਮਾਣਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਹੈ ਕਿ ਰਾਜਪਾਲ ਨੂੰ ਸਿਆਸਤ ਦੇ ਮੈਦਾਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ‘ਆਪ’ ਸਰਕਾਰ ਬਾਬਾ ਸਾਹਿਬ ਅੰਬੇਡਕਰ ਦੇ ਸੰਵਿਧਾਨ ਦੇ ਰਸਤੇ ‘ਤੇ ਚਲਦਿਆਂ ਇਮਾਨਦਾਰੀ ਨਾਲ ਲੋਕ ਭਲਾਈ ਦੇ ਕੰਮ ਜਾਰੀ ਰੱਖੇਗੀ। ਇਸ ਪ੍ਰੈਸ ਕਾਨਫਰੰਸ ਵਿੱਚ ਮਲਵਿੰਦਰ ਸਿੰਘ ਕੰਗ ਨਾਲ ਪਾਰਟੀ ਬੁਲਾਰੇ ਡਾ ਸੰਨੀ ਆਹਲੂਵਾਲੀਆ, ਅਹਿਬਾਬ ਗਰੇਵਾਲ ਅਤੇ ਐਡਵੋਕੇਟ ਰਵਿੰਦਰ ਸਿੰਘ ਹਾਜ਼ਰ ਸਨ।

 

 

 

 

 

 

 

 

Leave a Reply