ਜਲੰਧਰ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਇਸ ਪਾਰਲੀਮਾਨੀ ਹਲਕੇ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਜੇਕਰ 10 ਮਈ ਨੂੰ ਵੋਟਾਂ ਵਾਲੇ ਦਿਨ ਤੱਕ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਦੀ ਰਿਹਾਈ ਨਹੀਂ ਹੁੰਦੀ ਤਾਂ ਵੋਟ ਆਪ ਦਾ ਬਾਈਕਾਟ ਕਰਨ।

ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਸੀਨੀਅਰ ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਕਿਹਾ ਕਿ ਪ੍ਰੋ. ਭੁੱਲਰ ਦੀ ਰਿਹਾਈ ਦੀ ਫਾਈਲ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਟੇਬਲ ’ਤੇ ਪਿਛਲੇ ਡੇਢ ਸਾਲਾਂ ਤੋਂ ਪਈ ਹੈ। ਉਹਨਾਂ ਕਿਹਾ ਕਿ ਹਾਲਾਂਕਿ ਇਹ ਫਾਈਲ ਅਧਿਕਾਰਤ ਤੌਰ ’ਤੇ ਕਲੀਅਰ ਕੀਤੀ ਗਈ ਪਰ ਇਹ ਜਾਣ ਬੁੱਝ ਕੇ ਚਾਰ ਵਾਰ ਸਜ਼ਾ ਸਮੀਖਿਆ ਬੋਰਡ ਕੋਲ ਭੇਜੀ ਗਈ ਤਾਂ ਜੋ ਪ੍ਰੋ. ਭੁੱਲਰ ਦੀ ਰਿਹਾਈ ਰੋਕੀ ਜਾ ਸਕੇ।

ਵਲਟੋਹਾ ਨੇ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਪ੍ਰੋ. ਭੁੱਲਰ ਦੀ ਰਿਹਾਈ ਦੀ ਫਾਈਲ ’ਤੇ ਹਸਤਾਖ਼ਰ ਕਰਨ ਵਾਸਤੇ ਦਿੱਲੀ ਦੇ ਮੁੱਖ ਮੰਤਰੀ ਨੂੰ ਮਜਬੂਰ ਕਰ ਦੇਣ। ਉਹਨਾਂ ਕਿਹਾ ਕਿ ਦੁਨੀਆਂ ਭਰ ਦੇ ਸਿੱਖ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਪ੍ਰੋ. ਭੁੱਲਰ ਦੀ ਸਿਹਤ ਦਾ ਹਾਲ ਮਾੜਾ ਹੋਣ ਦੇ ਮੱਦੇਨਜ਼ਰ ਉਹਨਾਂ ਦੀ ਰਿਹਾਈ ਦੇ ਹੁਕਮ ਦਿੱਤੇ ਜਾਣ ਦੇ ਬਾਵਜੂਦ ਵੀ ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ। ਉਹਨਾਂ ਕਿਹਾ ਕਿ ਸਿੱਖ ਇਸ ਗੱਲ ਤੋਂ ਪੀੜਤ ਹਨ ਕਿ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਕਾਤਲਾਂ ਨੂੰ ਤਾਂ ਰਿਹਾਅ ਕਰ ਦਿੱਤਾ ਗਿਆ ਹੈ ਪਰ ਜਿਹੜੇ ਬੰਦੀ ਸਿੰਘਾਂ ਨੇ ਉਮਰ ਕੈਦ ਨਾਲੋਂ ਦੁੱਗਣੀਆਂ ਸਜ਼ਾਵਾਂ ਕੱਟ ਲਈਆਂ ਹਨ ਤੇ ਪਿਛਲੇ 28 ਤੋਂ 30 ਸਾਲਾਂ ਤੋਂ ਜੇਲ੍ਹ ਵਿਚ ਬੰਦ ਹਨ, ਉਹਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।

ਵਲਟੋਹਾ ਨੇ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਰਿਹਾਈ ਵਿਚ ਦੇਰੀ ਵਾਸਤੇ ਭਾਜਪਾ ਨੂੰ ਵੀ ਕਰੜੇ ਹੱਥੀਂ ਲਿਆ ਤੇ ਕਿਹਾ ਕਿ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਆ ਹੈ ਕਿ ਉਹ ਭਾਈ ਰਾਜੋਆਣਾ ਦੀ ਰਿਹਾਈ ਵਾਸਤੇ ਸ਼੍ਰੋਮਣੀ ਕਮੇਟੀ ਵੱਲੋਂ ਦਾਇਰ ਅਰਜ਼ੀ ’ਤੇ ਫੈਸਲਾ ਲਵੇ ਪਰ ਇਸਦੇ ਬਾਵਜੂਦ ਕੇਂਦਰ ਸਰਕਾਰ ਇਸ ਮਾਮਲੇ ’ਤੇ ਆਪਣੇ ਪੈਰ ਪਿੱਛੇ ਖਿੱਚ ਰਹੀ ਹੈ।

ਅਕਾਲੀ ਆਗੂ ਨੇ ਹੈਰਾਨੀ ਪ੍ਰਗਟ ਕੀਤੀ ਕਿ ਭਾਈ ਰਾਜੋਆਣਾ ਸਮੇਤ ਬੰਦੀ ਸਿੰਘ ਕਿਉਂ ਰਿਹਾਅ ਨਹੀਂ ਕੀਤੇ ਜਾ ਰਹੇ ਜਦੋਂ ਕਿ ਕੇਂਦਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਉਹਨਾਂ ਦੀ ਰਿਹਾਈ ਦੇ ਫਾਰਮਾਂ ’ਤੇ ਹਸਤਾਖ਼ਰ ਕੀਤੇ ਹਨ। ਉਹਨਾਂ ਕਿਹਾ ਕਿ ਹੋਰ ਭਾਜਪਾ ਆਗੂਆਂ ਨੇ ਵੀ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ 25 ਲੱਖ ਲੋਕਾਂ ਵੱਲੋਂ ਭਰੇ ਫਾਰਮਾਂ ਵਿਚ ਹੀ ਫਾਰਮ ਭਰੇ ਹਨ। ਉਹਨਾਂ ਕਿਹਾ ਕਿ ਭਾਜਪਾ ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਨਾ ਚਾਹੀਦਾਹੈ ਤੇ ਸਾਰੇ ਬੰਦੀ ਸਿੰਘਾਂ ਨੂੰ 2019 ਵਿਚ ਕੀਤੇ ਵਾਅਦੇ ਮੁਤਾਬਕ ਰਿਹਾਅ ਕਰਨਾ ਚਾਹੀਦਾ ਹੈ।

ਵਲਟੋਹਾ ਨੇ ਕਿਹਾ ਕਿ ਉਹਨਾਂ ਤਿੰਨ ਬੰਦੀ ਸਿੰਘਾਂ ਦੀ ਵੀ ਰਿਹਾਈ ਮੰਗੀ ਜਿਹਨਾਂ ਨੂੰ ਪਿਛਲੇ ਕਈ ਸਾਲਾਂ ਤੋਂ ਰੈਗੂਲਰ ਜ਼ਮਾਨਤ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਇਹਨਾਂ ਤਿੰਨ ਬੰਦੀ ਸਿੰਘਾਂ ਵਿਚੋਂ ਇਕ ਗੁਰਮੀਤ ਸਿੰਘ ਇੰਜੀਨੀਅਰ ਨੇ ਆਪਣੀ ਰਿਹਾਈ ਵਾਸਤੇ ਅਪੀਲ ਕੀਤੀ ਸੀ ਕਿ ਪਰ ਪੰਜਾਬ ਦੀ ਆਪ ਸਰਕਾਰ ਨੇ ਅਦਾਲਤ ਵਿਚ ਇਹ ਹਲਫੀਆ ਬਿਆਨ ਦਾਇਰ ਕੀਤਾ ਹੈ ਕਿ ਗੁਰਮੀਤ ਸਿੰਘ ਮਾੜੀ ਸੋਚ ਦਾ ਧਾਰਨੀ ਹੈ ਤੇ ਅਤਿਵਾਦ ਵਿਚ ਸ਼ਾਮਲ ਰਿਹਾ ਹੋ ਸਕਦਾ ਹੈ।

ਵਲਟੋਹਾ ਨੇ ਇਸ ਵਤੀਰੇ ਦੀ ਨਿਖੇਧੀ ਕਰਦਿਆਂ ਕਿਹਾ ਕਿ ਇਸੇ ਕਾਰਨ ਅਸੀਂ ਆਖ ਰਹੇ ਹਾਂ ਕਿ ਇਹ ਸਰਕਾਰ ਸਿੱਖ ਤੇ ਪੰਜਾਬੀ ਵਿਰੋਧੀ ਹੈ ਜੋ ਬੰਦੀ ਸਿੰਘਾਂ ਨੂੰ ਰਿਹਾਅ ਕਰ ਕੇ ਸਾਰੇ ਭਾਈਚਾਰਿਆਂ ਵਿਚ ਆਪਸੀ ਸਾਂਝ ਨਹੀਂ ਬਣਨ ਦੇਣਾ ਚਾਹੁੰਦੀ।

 

Leave a Reply