ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ (ਐਲ.ਓ.ਪੀ.) ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਦੀ ਬਿਨਾ ਕਿਸੇ ਲੋੜ ਤੋਂ ਆਮ ਆਦਮੀ ਕਲੀਨਿਕ ਖ਼ੋਲ ਕੇ ਸੁਚਾਰੂ ਢੰਗ ਨਾਲ ਚੱਲ ਰਹੀ ਸਿਹਤ ਪ੍ਰਣਾਲੀ ਨੂੰ ਤਬਾਹਕੁਨ ਨੁਕਸਾਨ ਪਹੁੰਚਾਉਣ ਲਈ ਨਿਖੇਧੀ ਕੀਤੀ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ‘ਆਪ’ ਸਰਕਾਰ ‘ਤੇ ਇਹ ਵੀ ਦੋਸ਼ ਲਾਇਆ ਕਿ ਉਹ ਦਿੱਲੀ ਵਿੱਚ ਬੈਠੇ ਆਪਣੇ ਮਾਲਕਾਂ ਨੂੰ ਖ਼ੁਸ਼ ਕਰਨ ਦੇ ਮਕਸਦ ਨਾਲ ਪੇਂਡੂ ਖੇਤਰਾਂ ਵਿੱਚ ਡਿਸਪੈਂਸਰੀਆਂ ਅਤੇ ਸਿਹਤ ਕੇਂਦਰਾਂ ਨੂੰ ਬਰਬਾਦ ਕਰ ਰਹੀ ਹੈ।

ਕੁੱਝ ਮੀਡੀਆ ਰਿਪੋਰਟਾਂ ਦਾ ਹਵਾਲਾ ਦਿੰਦੇ ਹੋਏ, ਵਿਰੋਧੀ ਧਿਰ ਦੇ ਆਗੂ ਨੇ ਕਿਹਾ ਕਿ ਪੇਂਡੂ ਖੇਤਰ ਦੀਆਂ ਡਿਸਪੈਂਸਰੀਆਂ ਜੋ ਜ਼ਿਲ੍ਹਾ ਪਰੀਸ਼ਦ ਦੇ ਅਧੀਨ ਚੱਲ ਰਹੀਆਂ ਸਨ, ਨੂੰ ਬੰਦ ਕਰ ਦਿੱਤਾ ਗਿਆ ਹੈ। ਇਸ ਦੌਰਾਨ, ਪੇਂਡੂ ਸਿਹਤ ਅਧਿਕਾਰੀਆਂ, ਪੈਰਾਮੈਡੀਕਲ ਅਤੇ ਕਲਾਸ ਫੋਰ ਸਮੇਤ ਸਟਾਫ਼ ਨੂੰ ਆਮ ਆਦਮੀ ਕਲੀਨਿਕਾਂ ਵਿੱਚ ਜਾਣ ਲਈ ਕਿਹਾ ਗਿਆ ਹੈ। ਪਿੰਡ ਵਾਸੀਆਂ ਨੇ ਪਹਿਲਾਂ ਹੀ ਇਸ ਕਦਮ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਹੈ।

“ਮੈਂ ਇਹ ਸਮਝਣ ਵਿੱਚ ਅਸਮਰਥ ਹਾਂ ਕਿ ‘ਆਪ’ ਸਰਕਾਰ ਪੰਜਾਬ ਵਿੱਚ ਮੁਹੱਲਾ ਕਲੀਨਿਕਾਂ ਦਾ ਇੱਕ ਅਸਫਲ ਦਿੱਲੀ ਮਾਡਲ ਸ਼ੁਰੂ ਕਰਨ ‘ਤੇ ਕਿਉਂ ਤੁਲੀ ਹੋਈ ਹੈ। ਜੇ ਉਹ ਸੱਚਮੁੱਚ ਹੀ ਪੰਜਾਬ ਦੀ ਸਿਹਤ ਪ੍ਰਣਾਲੀ ਨੂੰ ਸੁਧਾਰਨਾ ਚਾਹੁੰਦੇ ਹਨ, ਤਾਂ ਉਨ੍ਹਾਂ ਨੇ ਨਵੇਂ ਮੁਹੱਲਾ ਕਲੀਨਿਕ ਜਾਂ ਆਮ ਆਦਮੀ ਕਲੀਨਿਕ ਕਿਉਂ ਨਹੀਂ ਬਣਾਏ ਅਤੇ ਨਵੇਂ ਡਾਕਟਰਾਂ ਅਤੇ ਹੋਰ ਸਟਾਫ਼ ਦੀ ਭਰਤੀ ਕਿਉਂ ਨਹੀਂ ਕੀਤੀ? ਉਨ੍ਹਾਂ ਨੂੰ ਕੋਈ ਨਹੀਂ ਰੋਕਦਾ”, ਬਾਜਵਾ ਨੇ ਅੱਗੇ ਕਿਹਾ।

ਕਾਦੀਆਂ ਦੇ ਵਿਧਾਇਕ ਬਾਜਵਾ ਨੇ ਕਿਹਾ ਕਿ ਉਹ ਇਸ ਵੇਲੇ ਜੋ ਕਰ ਰਹੇ ਹਨ, ਉਹ ਪਹਿਲਾਂ ਤੋਂ ਬਣੀਆਂ ਇਮਾਰਤਾਂ ਦੀ ਬਾਹਰੀ ਦਿੱਖ ਨੂੰ ਬੇਲੋੜੇ ਤੌਰ ‘ਤੇ ਬਦਲਣਾ, ਉਨ੍ਹਾਂ ਦੇ ਨਾਮ ਬਦਲਣਾ ਅਤੇ ਉਸੇ ਸਟਾਫ਼ ਨੂੰ ਨਵੀਆਂ ਰੰਗ ਕੀਤੀਆਂ ਇਮਾਰਤਾਂ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।

“ਪੰਜਾਬ ਵਿੱਚ ‘ਆਪ’ ਦੀ ਸਰਕਾਰ ਬਣੀ ਨੂੰ ਛੇਤੀ ਹੀ ਇੱਕ ਸਾਲ ਹੋਣ ਵਾਲਾ ਹੈ। ‘ਆਪ’ ਸਰਕਾਰ ਆਪਣੀ ਕਾਰਗੁਜ਼ਾਰੀ ਦੀ ਝੂਠੀ ਦਿੱਖ ਲਈ ਇੱਕ ਨਿਰਾਸ਼ਾਜਨਕ ਕਦਮ ਚੁੱਕਦੇ ਹੋਏ, ਸੂਬੇ ਵਿੱਚ ਮੌਜੂਦਾ ਸਿਹਤ ਸਹੂਲਤਾਂ ਨੂੰ ਨੁਕਸਾਨ ਪਹੁੰਚਾ ਰਹੀ ਹੈ। ਇਸ ਤੱਥ ਦੇ ਬਾਵਜੂਦ, ਬੁਨਿਆਦੀ ਢਾਂਚੇ ਅਤੇ ਸੇਵਾਵਾਂ ਵਿਚ ਕੁੱਝ ਵੀ ਨਹੀਂ ਬਦਲਿਆ ਗਿਆ ਹੈ”, ਬਾਜਵਾ ਨੇ ਕਿਹਾ।

Leave a Reply