ਚੰਡੀਗੜ੍ਹ: ਕਾਂਗਰਸ ਦੇ ਸੀਨੀਅਰ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸੋਮਵਾਰ ਨੂੰ ਭਗਵੰਤ ਮਾਨ ਸਰਕਾਰ ਦੀ ਪੰਜਾਬ ਵਿੱਚ ਰੇਤਾ-ਬੱਜਰੀ ਦੀ ਵੰਡ ਅਤੇ ਵਿਕਰੀ ‘ਤੇ ਸਪੱਸ਼ਟਤਾ ਅਤੇ ਪਾਰਦਰਸ਼ਤਾ ਲਿਆਉਣ ਵਿੱਚ ਪੂਰੀ ਤਰ੍ਹਾਂ ਅਸਮਰੱਥਾ ਹੋਣ ‘ਤੇ ਜ਼ੋਰਦਾਰ ਹਮਲਾ ਕੀਤਾ ਹੈ।

ਬਾਜਵਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਸਸਤੀ ਰੇਤ ਦੇ ਦਾਅਵੇ ਨੇ ਲੋਕਾਂ ਵਿੱਚ ਭਾਰੀ ਹਫੜਾ-ਦਫੜੀ ਅਤੇ ਭੰਬਲਭੂਸਾ ਪੈਦਾ ਕਰ ਦਿੱਤੀ ਹੈ, ਜਿਨ੍ਹਾਂ ਨੂੰ ਅਜੇ ਵੀ ਮਾਫੀਆ ਤੋਂ ਮਹਿੰਗੇ ਭਾਅ ‘ਤੇ ਰੇਤ ਖਰੀਦਣ ਲਈ ਮੋਟੀਆਂ ਰਕਮਾਂ ਖਰਚਣੀਆਂ ਪੈ ਰਹੀਆਂ ਹਨ।

ਸਰਕਾਰ ਨੇ ਇਕ ਪਾਸੇ ਸਸਤੀ ਰੇਤ ਦੇਣ ਦਾ ਦਾਅਵਾ ਕੀਤਾ ਹੈ ਦੂਜੇ ਪਾਸੇ ਪੁਰਾਣੇ ਠੇਕੇਦਾਰਾਂ ਨੂੰ ਦੋ ਮਹੀਨਿਆਂ ਦਾ ਸਮਾਂ ਦੇ ਦਿੱਤਾ ਹੈ, ਜਿਸ ਦਾ ਅਰਥ ਹੈ ਬਗੈਰ ਕਿਸੇ ਨੀਤੀ ਦੇ ਸਰਕਾਰ ਲੋਕਾਂ ਵਿਚ ਭਰਮ ਤੇ ਭੰਬਲਭੂਸਾ ਪੈਦਾ ਕਰ ਰਹੀ ਹੈ।

ਬਾਜਵਾ ਨੇ ਕਿਹਾ, ਅਸਲ ਵਿੱਚ ਅਜੇ ਵੀ ਪੰਜਾਬ ਵਿੱਚ ਰੇਤ ਮਾਫੀਆ ਹੀ ਰਾਜ ਕਰ ਰਿਹਾ ਹੈ, ਜਦੋਂ ਕਿ ਆਮ ਆਦਮੀ ਨੂੰ ਆਪਣੀ ਉਸਾਰੀ ਦੇ ਕੰਮ ਨੂੰ ਜਾਰੀ ਰੱਖਣ ਲਈ ਆਪਣੀ ਜੇਬ ਵਿੱਚੋਂ ਮੋਟੀਆਂ ਰਕਮਾਂ ਕੱਢਣੀਆਂ ਪੈਂਦੀਆਂ ਹਨ।

ਬਾਜਵਾ ਨੇ ਕਿਹਾ ਕਿ ਭਾਵੇਂ ਕੁਝ ਦਿਨ ਪਹਿਲਾਂ ਪੰਜਾਬ ਸਰਕਾਰ ਨੇ ਭਗਵੰਤ ਮਾਨ ਦੀ ਅਗਵਾਈ ਹੇਠ ਹੋਈ ਮੰਤਰੀ ਮੰਡਲ ਦੀ ਮੀਟਿੰਗ ਤੋਂ ਬਾਅਦ ਐਲਾਨ ਕੀਤਾ ਸੀ ਕਿ ਸੂਬਾ ਸਰਕਾਰ 5 : 50 ਰੁਪਏ ਫੁੱਟ ਰੇਤਾ ਮੁਹੱਈਆ ਕਰਵਾਏਗੀ। ਸਰਕਾਰ ਦੁਆਰਾ ਨਿਰਧਾਰਤ ਲਗਭਗ 18 ਮਨੋਨੀਤ ਮਾਈਨਿੰਗ ਸਾਈਟਾਂ ‘ਤੇ 5.50 ਪ੍ਰਤੀ ਘਣ ਫੁੱਟ ਰੇਤਾ ਮਿਲੇਗੀ ਪਰ ਲੋਕ ਅਜੇ ਵੀ ਇਹਨਾਂ ਮਨੋਨੀਤ ਰੇਤ ਦੀਆਂ ਖਾਣਾਂ ਬਾਰੇ ਜਾਣੂ ਨਹੀਂ ਹਨ। ਉਹਨਾਂ ਨੂੰ ਇਹ ਵੀ ਨਹੀਂ ਪਤਾ ਕਿ ਇਹਨਾਂ ਖਾਣਾਂ ਨੂੰ ਰਾਜ ਸਰਕਾਰ ਦੁਆਰਾ ਕਿਵੇਂ ਨਿਯੰਤਰਿਤ ਕੀਤਾ ਜਾਵੇਗਾ।

ਬਾਜਵਾ ਨੇ ਅੱਗੇ ਕਿਹਾ ਸਰਕਾਰ ਨੇ ਇੱਥੋਂ ਤੱਕ ਦਾਅਵਾ ਕੀਤਾ ਕਿ ਲੋਕ ਨਿਰਧਾਰਤ ਖਾਣਾਂ ਤੋਂ ਰੇਤਾ ਲਿਆਉਣ ਲਈ ਆਪਣੀ ਆਵਾਜਾਈ ਦਾ ਸਾਧਨ ਲੈ ਸਕਦੇ ਹਨ, ਹਾਲਾਂਕਿ ਮਾਫੀਆ ਅਜਿਹੇ ਸੁਚਾਰੂ ਸੰਚਾਲਨ ਦੀ ਇਜਾਜ਼ਤ ਨਹੀਂ ਦੇਵੇਗਾ ਅਤੇ ਡਰਾ ਧਮਕਾ ਕੇ ਅਤੇ ਜ਼ੋਰ-ਜ਼ਬਰਦਸਤੀ ਨਾਲ ਅਜਿਹੇ ਆਪ੍ਰੇਸ਼ਨਾਂ ਨੂੰ ਕਾਬੂ ਅਤੇ ਕਬਜ਼ਾ ਕਰੇਗਾ।

ਬਾਜਵਾ ਨੇ ਆਮ ਆਦਮੀ ਪਾਰਟੀ (ਆਪ) ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਵੀ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਵਿੱਚ ਗੈਰ-ਕਾਨੂੰਨੀ ਰੇਤ ਮਾਈਨਿੰਗ ਪ੍ਰਤੀ ਬੇਲੋੜੀ ਅਤੇ ਸ਼ੇਖੀ ਭਰੀ ਪਹੁੰਚ ਲਈ ਘੇਰਿਆ। “6 ਦਸੰਬਰ, 2021 ਨੂੰ ਕੇਜਰੀਵਾਲ ਨੇ ਦਾਅਵਾ ਕੀਤਾ ਸੀ ਕਿ ਜੇ ‘ਆਪ’ ਸਰਕਾਰ ਸੱਤਾ ਵਿੱਚ ਆਉਂਦੀ ਹੈ ਤਾਂ 1000 ਕਰੋੜ ਰੁਪਏ ਤੋਂ ਵੱਧ ਦੀ ਆਮਦਨ ਹੋਵੇਗੀ। ਰੇਤ ਦੀ ਖੁਦਾਈ ਨੂੰ ਨਿਯਮਤ ਕਰਕੇ 20,000 ਕਰੋੜ ਦਾ ਮਾਲੀਆ ਇਕੱਠਾ ਕੀਤਾ ਜਾਵੇਗਾ। ਪੰਜਾਬ ‘ਚ ‘ਆਪ’ ਸਰਕਾਰ ਨੂੰ ਸੱਤਾ ‘ਚ ਆਏ 10 ਮਹੀਨਿਆਂ ਤੋਂ ਵੱਧ ਸਮਾਂ ਹੋ ਗਿਆ ਹੈ ਪਰ ਭਗਵੰਤ ਮਾਨ ਨਾ ਤਾਂ ਰੇਤ ਮਾਫੀਆ ‘ਤੇ ਕਾਬੂ ਪਾ ਸਕੇ ਅਤੇ ਨਾ ਹੀ ਕਰੋੜਾਂ ਰੁਪਏ ਕਮਾ ਸਕੇ।

ਬਾਜਵਾ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਅਜਿਹੇ ਬੁਲੰਦ ਬਿਆਨ ਦਿੱਤੇ ਗਏ ਸਨ।

Leave a Reply