ਚੰਡੀਗੜ੍ਹ: ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਕੌਮੀ ਤੇ ਕੌਮਾਂਤਰੀ ਫਿਲਮ ਅਤੇ ਸੰਗੀਤ ਜਗਤ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਉੱਤਰੀ ਭਾਰਤ ਦੀ ਪਹਿਲੀ ਅਤੇ ਵਿਲੱਖਣ ਫਿਲਮ ਤੇ ਮਨੋਰੰਜਨ ਸਿਟੀ ਸਥਾਪਤ ਕਰਨ ਵੱਲ ਤਵੱਜੋ ਦੇ ਰਹੀ ਹੈ, ਜਿਸ ਨਾਲ ਪੰਜਾਬੀ ਫਿਲਮ ਅਤੇ ਸੰਗੀਤ ਜਗਤ ਨੂੰ ਦੇਸ਼-ਵਿਦੇਸ਼ ਵਿੱਚ ਨਵੀਆਂ ਉਚਾਈਆਂ ਤੱਕ ਪਹੁੰਚਾਉਣ ਲਈ ਮੰਚ ਮਿਲੇਗਾ।

ਸੂਬੇ ਵਿੱਚ ਫਿਲਮ ਸਿਟੀ ਦੀ ਸਥਾਪਨਾ ਲਈ ਬੁਨਿਆਦੀ ਢਾਂਚੇ, ਸੰਕਲਪ ਅਤੇ ਹੋਰ ਲੋੜਾਂ ਦਾ ਵਿਸਥਾਰ ਨਾਲ ਅਧਿਐਨ ਕਰਨ ਲਈ ਪੰਜਾਬ ਦੇ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਮੰਤਰੀ ਸ੍ਰੀ ਅਮਨ ਅਰੋੜਾ ਨੇ ਇੱਕ ਵਫ਼ਦ ਸਮੇਤ ਰਾਮੋਜੀ ਫਿਲਮ ਸਿਟੀ ਅਤੇ ਅੰਨਪੂਰਨਾ ਸਟੂਡੀਓਜ਼, ਹੈਦਰਾਬਾਦ ਦਾ ਦੌਰਾ ਕੀਤਾ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਮਨੋਰੰਜਨ ਉਦਯੋਗ ਲਈ ਢੁਕਵੇਂ ਸਥਾਨ ‘ਤੇ ਅਤਿ-ਆਧੁਨਿਕ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਕਰਨ ਵੱਲ ਸੇਧਤ ਹੈ।

ਕੈਬਨਿਟ ਮੰਤਰੀ ਨੇ ਕਿਹਾ ਕਿ ਆਪਣੇ ਨਿਆਰੇਪਣ ਕਾਰਨ ਪੰਜਾਬ ਹਮੇਸ਼ਾ ਹੀ ਫਿਲਮ ਸਨਅਤ ਲਈ ਖਿੱਚ ਦਾ ਕੇਂਦਰ ਰਿਹਾ ਹੈ ਪਰ ਇੱਥੇ ਲੋੜੀਂਦੇ ਬੁਨਿਆਦੀ ਢਾਂਚੇ ਅਤੇ ਸਾਜ਼ੋ-ਸਾਮਾਨ ਦੀ ਘਾਟ ਹਮੇਸ਼ਾ ਰੜਕਦੀ ਰਹੀ ਹੈ। ਉਨ੍ਹਾਂ ਕਿਹਾ ਕਿ ਆਪਣੀ ਕੁਦਰਤੀ ਸੁੰਦਰਤਾ, ਚਾਰ ਰੁੱਤਾਂ ਅਤੇ ਆਪਣੇ ਅਮੀਰ ਸੱਭਿਆਚਾਰ ਅਤੇ ਵਿਰਸੇ ਲਈ ਜਾਣੇ ਜਾਂਦੇ ਪੰਜਾਬ ਵਿੱਚ ਕੈਮਰੇ ਦੀਆਂ ਲੋੜਾਂ ਪੂਰਾ ਕਰਨ ਦੀ ਅਥਾਹ ਸਮਰੱਥਾ ਹੈ।

ਹੈਦਰਾਬਾਦ ਦੇ ਮਨੋਰੰਜਨ ਮਾਹਿਰਾਂ ਦੇ ਫੀਡਬੈਕ ਸਾਂਝੀ ਕਰਦਿਆਂ ਸ੍ਰੀ ਅਮਨ ਅਰੋੜਾ ਨੇ ਕਿਹਾ ਕਿ ਪੰਜਾਬ ਵਿਚਲੇ ਦੋ ਕੌਮਾਂਤਰੀ ਹਵਾਈ ਅੱਡਿਆਂ, ਸੂਬੇ ਦੇ ਹਰ ਪਿੰਡ ਤੱਕ ਪਹੁੰਚ ਰੱਖਣ ਵਾਲੇ ਭਾਰਤ ਦੇ ਸਭ ਤੋਂ ਵਧੀਆ ਸੜਕੀ ਸੰਪਰਕ, ਰੇਲ ਸੰਪਰਕ ਅਤੇ ਆਧੁਨਿਕ ਜੀਵਨ ਸ਼ੈਲੀ ਹਾਲੀਵੁੱਡ, ਬਾਲੀਵੁੱਡ, ਪਾਲੀਵੁੱਡ ਅਤੇ ਟਾਲੀਵੁੱਡ ਨੂੰ ਸੂਬੇ ਵੱਲ ਖਿੱਚਣ ਲਈ ਅਹਿਮ ਹਥਿਆਰ ਹਨ।

ਵਫ਼ਦ ਨੇ ਆਪਣੇ ਇੱਕ ਰੋਜ਼ਾ ਅਧਿਐਨ ਦੌਰੇ ਦੌਰਾਨ ਦੱਖਣ ਭਾਰਤ ਦੇ ਮਾਹਿਰਾਂ ਨਾਲ ਫਿਲਮ ਤੇ ਮਨੋਰੰਜਨ ਉਦਯੋਗ ਦੀਆਂ ਆਧੁਨਿਕ ਲੋੜਾਂ ਅਨੁਸਾਰ ਫਿਲਮ ਅਤੇ ਮਨੋਰੰਜਨ ਸਿਟੀ ਦੀ ਸਥਾਪਨਾ ਲਈ ਖਰੜਾ ਤਿਆਰ ਕਰਨ ਲਈ ਵਿਚਾਰ-ਵਟਾਂਦਰਾ ਕੀਤਾ। ਮੁੱਖ ਮੰਤਰੀ ਸ. ਭਗਵੰਤ ਮਾਨ ਦੇ ਸੂਬੇ ਨੂੰ ਦੇਸ਼ ਦੇ ਉੱਤਰੀ ਖੇਤਰ ਵਿੱਚ ਮਨੋਰੰਜਨ ਜਗਤ ਦਾ ਧੁਰਾ ਬਣਾਉਣ ਦੇ ਸੁਪਨੇ ਦੀ ਪੈਰਵੀ ਕਰਦਿਆਂ ਵਫ਼ਦ ਨੇ ਇਸ ਉਦਯੋਗ ਦੀਆਂ ਭਵਿੱਖੀ ਲੋੜਾਂ ਬਾਰੇ ਸੰਭਾਵਨਾਵਾਂ ਦੀ ਪੜਚੋਲ ਵੀ ਕੀਤੀ।

ਇਸ ਉੱਚ ਪੱਧਰੀ ਵਫ਼ਦ ਵਿੱਚ ਪ੍ਰਮੁੱਖ ਸਕੱਤਰ ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ ਅਤੇ ਵਿੱਤ ਸ੍ਰੀ ਅਜੋਏ ਕੁਮਾਰ ਸਿਨਹਾ, ਗਮਾਡਾ ਦੇ ਮੁੱਖ ਪ੍ਰਸ਼ਾਸਕ ਸ੍ਰੀ ਅਮਨਦੀਪ ਬਾਂਸਲ, ਚੀਫ਼ ਟਾਊਨ ਪਲਾਨਰ ਪੰਜਾਬ ਸ੍ਰੀ ਪੰਕਜ ਬਾਵਾ ਅਤੇ ਇਨਵੈਸਟ ਪੰਜਾਬ ਦੇ ਸੀਨੀਅਰ ਸਲਾਹਕਾਰ ਸ੍ਰੀ ਉਤਸਵ ਕਾਂਤ ਸ਼ਾਮਲ ਸਨ।

Leave a Reply