ਚੰਡੀਗੜ੍ਹ: ਸੀਨੀਅਰ ਕਾਂਗਰਸੀ ਆਗੂ ਅਤੇ ਪੰਜਾਬ ਦੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਨਿੰਦਾ ਕੀਤੀ ਹੈ ਕਿ ਉਹ ਪੂਰੀ ਤਰਾਂ ਪਖੰਡੀ ਹਨ ਕਿਉਂਕਿ ਉਨ੍ਹਾਂ ਨੇ ਆਪਣੀ ਸਰਕਾਰੀ ਰਿਹਾਇਸ਼ ਦੇ ਸੁੰਦਰੀਕਰਨ ‘ਤੇ ਕਰੋੜਾਂ ਰੁਪਏ ਖ਼ਰਚ ਕੀਤੇ ਅਤੇ ਫਿਰ ਵੀ ਆਪਣੇ ਆਪ ਨੂੰ ਇੱਕ ਆਮ ਆਦਮੀ ਦੱਸਦਾ ਹੈ।

ਬਾਜਵਾ ਨੇ ਕਿਹਾ ਕਿ ਮੀਡੀਆ ਦੇ ਵੱਖ-ਵੱਖ ਭਾਗਾਂ ਵਿੱਚ ਪ੍ਰਕਾਸ਼ਿਤ ਰਿਪੋਰਟਾਂ ਦੇ ਅਨੁਸਾਰ, ਕੇਜਰੀਵਾਲ ਨੇ ਸਿਵਲ ਲਾਈਨਜ਼ ਵਿੱਚ ਫਲੈਗ ਸਟਾਫ਼ ਰੋਡ ’ਤੇ ਸਥਿਤ ਬੰਗਲੇ ਨੰਬਰ 6 ਦੇ ਸੁੰਦਰੀਕਰਨ ’ਤੇ

ਲਗਭਗ 45 ਕਰੋੜ ਰੁਪਏ ਖ਼ਰਚ ਕੀਤੇ ਹਨ।

ਪੰਜਾਬ ਦੇ ਰਾਜ ਸਭਾ ਮੈਂਬਰ ਨੇ ਹਾਲਾਂਕਿ ਕੇਜਰੀਵਾਲ ਦਾ ਬਚਾਅ ਕਰਦਿਆਂ ਕਿਹਾ ਕਿ ਕਿਉਂਕਿ ਇਹ ਬੰਗਲਾ ਲਗਭਗ 75 ਤੋਂ 80 ਸਾਲ ਪੁਰਾਣਾ ਹੈ ਅਤੇ 1942 ਵਿੱਚ ਬਣਾਇਆ ਗਿਆ ਸੀ, ਇਸ ਲਈ ਲੋਕ ਨਿਰਮਾਣ ਵਿਭਾਗ (ਪੀਡਬਲਯੂਡੀ) ਦੁਆਰਾ ਸਿਫ਼ਾਰਸ਼ ਕੀਤੇ ਜਾਣ ਤੋਂ ਬਾਅਦ ਇਸ ਦੀ ਤੁਰੰਤ ਮੁਰੰਮਤ ਦੀ ਲੋੜ ਹੈ।

ਬਾਜਵਾ ਨੇ ਹਾਲਾਂਕਿ ਕਿਹਾ ਕਿ ‘ਆਪ’ ਦੇ ਨੇਤਾ ਕੇਜਰੀਵਾਲ ਦੇ ਇਸ ਗ਼ਲਤ ਕਾਰਨਾਮੇ ਤੋਂ ਬਾਅਦ ਬਹਾਨੇ ਬਣਾ ਰਹੇ ਹਨ ਕਿਉਂਕਿ ਕੇਜਰੀਵਾਲ ਨੇ ਟੈਕਸਦਾਤਾਵਾਂ ਦਾ ਪੈਸਾ ਆਪਣੇ ਅਤੇ ਪਰਵਾਰ ਦੀ ਆਲੀਸ਼ਾਨ ਜੀਵਨ ਸ਼ੈਲੀ ‘ਤੇ ਖ਼ਰਚ ਕੀਤਾ ਹੈ।

ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਕੇਜਰੀਵਾਲ ਨੇ ਕਰੋੜਾਂ ਰੁਪਏ ਖ਼ਰਚ ਕੀਤੇ। ਅੰਦਰੂਨੀ ਸਜਾਵਟ ‘ਤੇ 11.30 ਕਰੋੜ ਰੁਪਏ, ਸਟੋਨ ਮਾਰਬਲ ਫਲੋਰਿੰਗ ‘ਤੇ 6.02 ਕਰੋੜ ਰੁਪਏ, ਇੰਟੀਰੀਅਰ ਕੰਸਲਟੈਂਸੀ ‘ਤੇ ਇੱਕ ਕਰੋੜ ਰੁਪਏ, ਇਲੈਕਟ੍ਰੀਕਲ ਫਿਟਿੰਗ ਉਪਕਰਨ 2.58 ਕਰੋੜ ਰੁਪਏ, ਅੱਗ ਬੁਝਾਊ ਪ੍ਰਣਾਲੀ ‘ਤੇ 2.85 ਕਰੋੜ ਰੁਪਏ, 1.41 ਕਰੋੜ ਰੁਪਏ ਅਲਮਾਰੀ ਸਹਾਇਕ ਫਿਟਿੰਗਸ ‘ਤੇ ਅਤੇ ਰਸੋਈ ਦੇ ਉਪਕਰਨ ‘ਤੇ 1.10 ਕਰੋੜ ਰੁਪਏ।

ਇੱਥੇ ਹੀ ਬੱਸ ਨਹੀਂ: “ਕੇਜਰੀਵਾਲ ਨੇ ਲਗਭਗ 10 ਕਰੋੜ ਰੁਪਏ ਉਨ੍ਹਾਂ ਦੇ ਕੈਂਪ ਆਫ਼ਿਸ ਦੇ ਸੁੰਦਰੀਕਰਨ ‘ਤੇ ਖ਼ਰਚ ਕੀਤੇ। ਇਹ ਕੋਈ ਦਫ਼ਤਰ ਨਹੀਂ, ਸਗੋਂ ਸ਼ੀਸ਼ ਮਹਿਲ ਜਾਪਦਾ ਹੈ, ”ਬਾਜਵਾ ਨੇ ਕਿਹਾ।

ਬਾਜਵਾ ਨੇ ਕਿਹਾ ਕਿ ਕੇਜਰੀਵਾਲ ਸ਼ੇਖ਼ੀ ਮਾਰਦੇ ਸਨ ਕਿ ਉਹ ਅਤੇ ਉਨ੍ਹਾਂ ਦੀ ਪਾਰਟੀ ਦੇ ਆਗੂ ਕਾਰਾਂ, ਬੰਗਲੇ ਅਤੇ ਸੁਰੱਖਿਆ ਵੀ ਨਹੀਂ ਲੈਣਗੇ ਕਿਉਂਕਿ ਇਸ ਨਾਲ ਸਰਕਾਰੀ ਖ਼ਜ਼ਾਨੇ ‘ਤੇ ਵਾਧੂ ਬੋਝ ਪਵੇਗਾ ਕਿਉਂਕਿ ਇਹ ਜਨਤਾ ਦਾ ਪੈਸਾ ਹੈ।

ਬਾਜਵਾ ਨੇ ਕਿਹਾ ਕਿ ਹੁਣ ਕੇਜਰੀਵਾਲ ਅਤੇ ਉਸ ਦੀ ਪਾਰਟੀ ਦੇ ਸਾਥੀ ਸਭ ਕੁੱਝ ਭੁੱਲ ਗਏ ਹਨ ਅਤੇ ਜਨਤਾ ਦੇ ਪੈਸੇ ਨੂੰ ਆਪਣੇ ਨਿੱਜੀ ਕੰਮਾਂ ‘ਤੇ ਲਗਾ ਰਹੇ ਹਨ।

Leave a Reply