ਜਲੰਧਰ: ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਅੱਜ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਅਕਾਲੀ ਦਲ ਤੇ ਬਸਪਾ ਦੇ ਸਾਂਝੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਦੀ ਕਾਰਗੁਜ਼ਾਰੀ ਦੇ ਆਧਾਰ ’ਤੇ ਉਹਨਾਂ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀਆਂ ਕਿਸਾਨ ਪੱਖੀ ਤੇ ਗਰੀਬ ਪੱਖੀ ਨੀਤੀਆਂ ਦੇ ਟਰੈਕ ਰਿਕਾਰਡ ’ਤੇ ਵਿਸ਼ਵਾਸ ਪ੍ਰਗਟ ਕਰਨ। ਅੱਜ ਕਰਤਾਰਪੁਰ ਹਲਕੇ ਵਿਚ ਵਿਸ਼ਾਲ ਜਨਤਕ ਇਕੱਠਾਂ ਨੂੰ ਸੰਬੋਧਨ ਕਰਦਿਆਂ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਡਾ. ਸੁੱਖੀ ਨੇ ਨਾ ਸਿਰ ਵਿਧਾਨ ਸਭਾ ਵਿਚ ਆਪਣੀ ਲਾਮਿਸਾਲ ਕਾਰਗੁਜ਼ਾਰੀ ਵਿਖਾਈ ਹੈ ਬਲਕਿ ਉਹ ਹਮੇਸ਼ਾ ਗਰੀਬ ਵਰਗਾਂ ਦੇ ਹਿੱਤਾਂ ਦੀ ਰਾਖੀ ਵਾਸਤੇ ਡਟੇ ਰਹੇ ਹਨ ਤੇ ਸਮਾਜ ਸੇਵੀ ਤੇ ਪਰਉਪਕਾਰੀ ਵਿਅਕਤੀ ਦੀ ਭੂਮਿਕਾ ਨਿਭਾਈ ਹੈ।

ਬਿਕਰਮ ਸਿੰਘ ਮਜੀਠੀਆ ਲੋਕਾਂ ਨੂੰ ਅਕਾਲੀ ਦਲ-ਬਸਪਾ ਗਠਜੋੜ ਦੇ ਉਮੀਦਵਾਰ ਲਈ ਵੋਟਾਂ ਪਾਉਣ ਦੀ ਅਪੀਲ ਕਰਦਿਆਂ ਕਿਹਾ ਕਿ ਜਲੰਧਰ ਦੇ ਲੋਕਾਂ ਨੇ 30 ਸਾਲਾਂ ਤੋਂ ਕਾਂਗਰਸ ਪਾਰਟੀ ਨੂੰ ਵੋਟਾਂ ਪਾਈਆਂ ਹਨ ਤੇ ਪਿਛਲੇ 9 ਸਾਲਾਂ ਤੋਂ ਐਮ ਪੀ ਚੌਧਰੀ ਸੰਤੋਖ ਸਿੰਘ ਹਲਕੇ ਦੇ ਪ੍ਰਤੀਨਿਧ ਸਨ। ਉਹਨਾਂ ਕਿਹਾ ਕਿ ਕੋਈ ਵੱਡੀ ਪ੍ਰਾਪਤੀ ਦੀ ਤਾਂ ਗੱਲ ਛੱਡੋ ਚੌਧਰੀ ਪਰਿਵਾਰ ਨੇ ਇੰਨੇ ਸਾਲਾਂ ਵਿਚ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ ਵੀ ਨਹੀਂ ਕੀਤਾ। ਉਹਨਾਂ ਕਿਹਾ ਕਿ ਇਹ ਵੀ ਦੱਸਿਆ ਨਹੀਂ ਜਾ ਸਕਦਾ ਕਿ ਉਹਨਾਂ ਨੇ ਐਮ ਪੀ ਲੈਡ ਫੰਡ ਦੌਰਾਨ ਪ੍ਰਾਪਤ ਹੋਏ 50 ਕਰੋੜ ਰੁਪਏ ਕਿਥੇ ਖਰਚ ਕੀਤੇ ਹਨ।

ਮਜੀਠੀਆ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਪਾਰਟੀਆਂ ਬਦਲਣ ਵਾਲਿਆਂ ਤੋਂ ਕਿਨਾਰਾ ਕਰਨ ਅਤੇ ਕਿਹਾ ਕਿ ਆਪ ਦੇ ਉਮੀਦਵਾਰ ਸੁਸ਼ੀਲ ਰਿੰਕੂ ਇਕ ਮਹੀਨਾ ਪਹਿਲਾਂ ਤੱਕ ਕਾਂਗਰਸ ਵਿਚ ਹੁੰਦਿਆਂ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਂ ਲੈ ਕੇ ਉਹਨਾਂ ਨੂੰ ਪੈਗਵੰਤ ਮਾਨ ਆਖਦੇ ਸਨ। ਉਹਨਾਂ ਕਿਹਾ ਕਿ ਰਿੰਕੂ ਵੀ ਇਹ ਆਖਦੇ ਸਨ ਕਿ ਆਪ ਸਰਕਾਰ ਪਹਿਲਾਂ ਔਰਤਾਂ ਨੂੰ 1 ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇ ਹਿਸਾਬ ਨਾਲ ਸਾਲ ਦਾ 12 ਹਜ਼ਾਰ ਰੁਪਿਆ ਅਦਾ ਕਰੇ ਅਤੇ ਫਿਰ ਵੋਟਾਂ ਮੰਗਣ ਲਈ ਆਵੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਰਿੰਕੂ ਇਕ ਮਹੀਨਾ ਪਹਿਲਾਂ ਦੀਆਂ ਗੱਲਾਂ ਭੁੱਲ ਗਏ ਹਨ।

Leave a Reply