ਬੀਸੀ ਸੂਬੇ ਅੰਦਰ ਜੰਗਲੀ ਅੱਗਾਂ ਅਤੇ ਸੋਕੇ ਦੀ ਸਥਿਤੀ ਨੂੰ ਲੈ ਕੇ ਅੱਜ ਐਮਰਜੈਂਸੀ ਮੈਨੇਜਮੈਂਟ ਅਤੇ ਕਲਾਈਮੇਟ ਰੈਡੀਨੈੱਸ ਮਨਿਸਟਰ ਬੋਵਿਨ ਮਾਅ ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕੀਤੀ ਗਈ।ਇਹ ਤਾਜ਼ਾ ਅਪਡੇਟ ਮੀਂਹ ਪੈਣ ਤੋਂ ਬਾਅਦ ਮਿਲੀ ਰਾਹਤ ਤੋਂ ਬਾਅਦ ਸਾਂਝੀ ਕੀਤੀ ਗਈ ਹੈ।

ਉਹਨਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੀਂਹ ਪੈਣ ਦੇ ਬਾਵਜੂਦ ਜੰਗਲੀ ਅੱਗ ਅਤੇ ਸੋਕੇ ਦੀਆਂ ਸਥਿਤੀਆਂ ਵਿੱਚ ਕੋਈ ਬਦਲਾਅ ਨਹੀਂ ਦਿਸ ਰਿਹਾ।ਉਹਨਾਂ ਬੀ.ਸੀ. ਵਾਸੀਆਂ ਨੂੰ ਅੱਗ ਬਾਲਣ ਅਤੇ ਪਾਣੀ ਦੀ ਵਰਤੋਂ ਨੂੰ ਲੈ ਕੇ ਲਗਾਈਆਂ ਗਈਆਂ ਪਾਬੰਦੀਆਂ ਨੂੰ ਜਾਰੀ ਰੱਖਣ ਦੀ ਅਪੀਲ ਵੀ ਕੀਤੀ।

ਜ਼ਿਕਰਯੋਗ ਹੈ ਕਿ ਹੁਣ ਤੱਕ ਸੂਬਾ ਭਰ ਵਿੱਚ 1498 ਜੰਗਲੀ ਅੱਗਾਂ ਕਾਰਨ 15,126 ਵਰਗ ਕਿੋਮੀਟਰ ਦਾ ਰਕਬਾ ਸੜ ਕੇ ਸੁਆਹ ਹੋ ਗਿਆ ਹੈ।

ਜ਼ਿਕਰਯੋਗ ਹੈ ਕਿ ਮੀਂਹ ਪੈਣ ਸਦਕਾ ਜੰਗਲੀ ਅੱਗਾਂ ਦੀ ਗਿਣਤੀ ‘ਚ ਕਮੀ ਆਈ ਹੈ।ਬੀਤੇ ਕੱਲ੍ਹ ਜੰਗਲੀ ਅੱਗਾਂ ਦੀ ਗਿਣਤੀ 478 ਤੋਂ ਘਟਕੇ 408 ਤੱਕ ਪਹੁੰਚ ਗਈ।

ਇਸਦੇ ਬਾਵਜੂਦ ਬੀ.ਸੀ. ਵਾਈਲਡਫਾਇਰ ਸਰਵਿਸ ਵੱਲੋਂ ਸੂਬੇ ਦੇ ਦੱਖਣ-ਪੂਰਬੀ ਹਿੱਸਿਆਂ ਵਿੱਚ ਜੰਗਲੀ ਅੱਗ ਦੇ ਭਖਣ ਦੀ ਉਮੀਦ ਕੀਤੀ ਜਾ ਰਹੀ ਹੈ, ਕਿਉਂਕਿ ਪਿਛਲੇ ਕਈ ਦਿਨਾਂ ਤੋਂ ਬਿਲਕੁਲ ਵੀ ਮੀਂਹ ਨਹੀਂ ਪਿਆ।

ਦੱਸ ਦੇਈਏ ਕਿ ਸੂਬਾ ਭਰ ਵਿੱਚ ਇਸ ਸਮੇਂ 1,060 ਤੋਂ ਵਧੇਰੇ ਜਣਿਆਂ ਨੂੰ ਖੇਤਰ ਖਾਲੀ ਕਰਨ ਦੇ ਹੁਕਮ ਦਿੱਤੇ ਗਏ ਹਨ ਅਤੇ 5430 ਜਣਿਆਂ ਨੂੰ ਅਲਰਟ ‘ਤੇ ਰੱਖਿਆ ਗਿਆ ਹੈ।

Leave a Reply