ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਮਿਸ਼ਨ ‘ਚ ਚਾਕੂ ਮਾਰ ਕੇ ਇਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ | ਕਤਲ ਦੀ ਇਹ ਵਾਰਦਾਤ ਸੋਮਵਾਰ ਦੁਪਹਿਰ ਨੂੰ ਵਾਪਰੀ ਦੱਸੀ ਜਾ ਰਹੀ ਹੈ | ਮਿਸ਼ਨ ਆਰਸੀਐਮਪੀ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਸੋਮਵਾਰ ਨੂੰ ਦੁਪਹਿਰ 3:36 ‘ਤੇ  ਕਾਲ ਰਾਹੀਂ ਇਸ ਘਟਨਾ ਦੀ ਸੂਚਨਾ ਉਨ੍ਹਾਂ ਤੱਕ ਪਹੁੰਚੀ ਜਿਸ ਤੋਂ ਬਾਅਦ ਪੁਲਿਸ ਤਰੁੰਤ ਪਾਰਕ ਸਟ੍ਰੀਟ ਤੇ 7200 ਬਲਾਕ ‘ਤੇ ਪਹੁੰਚੀ | ਜਦੋਂ ਪੁਲਿਸ ਮੌਕੇ ਤੇ ਪਹੁੰਚੀ ਤਾਂ ਗੰਭੀਰ ਜ਼ਖਮਾਂ ਦੇ ਕਾਰਨ ਹਮਲੇ ਦਾ ਸ਼ਿਕਾਰ ਵਿਅਕਤੀ ਦਮ ਤੋੜ ਚੁੱਕਾ ਸੀ |

ਆਈ ਹਿੱਟ ਵੱਲੋਂ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਗਈ ਹੈ | ਆਈ ਹਿੱਟ ਕਈ ਪੁਲਿਸ ਟੀਮਾਂ ਦਾ ਸਹਿਯੋਗ ਲੈ ਕੇ ਜਾਂਚ ‘ਚ ਅੱਗੇ ਵੱਧ ਰਹੀ ਹੈ | ਮੁੱਢਲੀ ਜਾਂਚ ਤੋਂ ਸੰਕੇਤ ਮਿਲੇ ਹਨ ਕੀ ਇਸ ਕਤਲ ਦਾ ਲੋਅਰ ਮੇਨਲੈੰਡ ‘ਚ ਚੱਲ ਰਹੀ ਗੈਂਗਵਾਰ ਨਾਲ਼ ਕੋਈ ਸਬੰਧ ਨਹੀਂ ਜਾਪ ਰਿਹਾ | ਮ੍ਰਿਤਕ ਵਿਅਕਤੀ ਦੀ ਪਛਾਣ ਕਰ ਲਈ ਗਈ ਹੈ ਪਰ ਹਾਲੇ ਤੱਕ ਉਸਦੀ ਪਛਾਣ ਜਨਤਕ ਨਹੀਂ ਕੀਤੀ ਗਈ ਹੈ | ਆਈ ਹਿੱਟ ਦਾ ਕਹਿਣਾ ਹੈ ਕੀ ਜੇਕਰ ਕਿਸੇ ਨੂੰ ਵੀ ਇਸ ਘਟਨਾ ਸਬੰਧੀ ਕੋਈ ਜਾਣਕਾਰੀ ਹੋਵੇ ਜਾਂ ਫਿਰ 1 ਵਜੇ ਤੋਂ ਲੈ ਕੇ 4 ਵਜੇ ਦੇ ਵਿਚਕਾਰ 7200 ਬਲਾਕ ਤੇ ਪਾਰਕ ਸਟ੍ਰੀਟ ਦੀ ਕੋਈ ਡੈਸ਼ ਕੈਮ ਫੁਟੇਜ ਹੋਵੇ ਤਾਂ ਉਨ੍ਹਾਂ ਨਾਲ਼ 1-877-551-4448 ‘ਤੇ ਸੰਪਰਕ ਕੀਤਾ ਜਾ ਸਕਦਾ ਹੈ |

Leave a Reply