ਜਲੰਧਰ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇਅੱਜ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਖਰਾਬ ਮੌਸਮ ਕਾਰਨ ਜਿਹੜੇ ਲੱਖਾਂ ਕਿਸਾਨਾਂ ਦੀ ਕਣਕ ਦੀ ਫਸਲ ਖਰਾਬ ਹੋਈ ਹੈ, ਉਹਨਾਂ ਨੂੰ ਮੁਆਵਜ਼ਾ ਦੇਣ ਤੋਂ ਨਾਂਹ ਕਰ ਕੇ ਕਿਸਾਨਾਂ ਨਾਲ ਵੱਡਾ ਧੋਖਾ ਕੀਤਾ ਹੈ ਤੇ ਉਹਨਾਂ ਸਿਰਫ 127 ਕਿਸਾਨਾਂ ਨੂੰ ਚੈਕ ਵੰਡ ਕੇ ਸਸਤੀ ਸ਼ੋਹਰਤ ਹਾਸਲ ਕਰਨ ਦਾ ਯਤਨ ਕੀਤਾ ਹੈ।

ਮੁੱਖ ਮੰਤਰੀ ਨੂੰ ਇਕ ਝੂਠਾ ਵਿਅਕਤੀ ਕਰਾਰ ਦਿੰਦਿਆਂ ਜੋ ਝੂਠ ਦੇ ਸਿਰ ’ਤੇ ਰਾਜਨੀਤੀ ਕਰਦਾ ਹੈ, ਸੁਖਬੀਰ ਸਿੰਘ ਬਾਦਲ ਨੈ ਕਿਹਾ ਕਿ ਉਹਨਾਂ ਦੀ ਸਰਕਾਰ ਨੇ ਪਹਿਲਾਂ ਵੀ ਦੋ ਵਾਰੀ ਕਿਸਾਨਾਂ ਨੂੰ ਖਰਾਬ ਦੀ ਮੌਸਮ ਕਾਰਨ ਅਤੇ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਝੋਨੇ ਅਤੇ ਨਰਮੇ ਦੀ ਫਸਲ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਤੋਂ ਨਾਂਹ ਕਰ ਦਿੱਤੀ ਸੀ। ਉਹਨਾਂ ਕਿਹਾ ਕਿ ਹੁਣ ਜਦੋਂ ਕਿਸਾਨਾਂ ਨੂੰ ਭਾਰੀ ਬਰਸਾਤਾਂ ਦੇ ਗੜ੍ਹੇਮਾਰੀ ਕਾਰਨ ਕਣਕ ਦੀ ਫਸਲ ਦਾ ਨੁਕਸਾਨ ਝੱਲਣਾ ਪਿਆਹੈ ਤਾਂ ਮੁੱਖ ਮੰਤਰੀ ਸਿਰਫ ਕੁਝ ਕਿਸਾਨਾਂ ਨਾਲ ਮੁਆਵਜ਼ਾ ਦੇਣ ਦੀਆਂ ਤਸਵੀਰਾਂ ਖਿੱਚਵਾ ਕੇ ਡਰਾਮਾ ਕਰ ਰਹੇ ਹਨ ਜਦੋਂ ਕਿ ਲੱਖਾਂ ਕਿਸਾਨ ਮੁਆਵਜ਼ੇ ਦੀ ਉਡੀਕ ਕਰ ਰਹੇ ਹਨ।

ਇਥੇ ਪਾਰਟੀ ਦੇ ਉਮੀਦਵਾਰ ਡਾ. ਸੁਖਵਿੰਦਰ ਕੁਮਾਰ ਸੁੱਖੀ ਤੇ ਪਾਰਟੀ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਅਕਾਲੀ ਦਲ ਦੇ ਚੋਣ ਦਫਤਰ ਦਾ ਉਦਘਾਟਨ ਕਰਨ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਸੀ ਬੀ ਆਈ ਵੱਲੋਂ ਦਿੱਲੀ ਆਬਕਾਰੀ ਘੁਟਾਲੇ ਵਿਚ ਪੁੱਛ ਗਿੱਛ ਲਈ ਬੁਲਾਏ ਜਾਣ ਮਗਰੋਂ ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਵੱਲੋਂ ਆਪਣੇ ਆਪ ਨੂੰ ਇਕੱਲਾ ਇਮਾਨਦਾਰ ਹੋਣ ਦਾ ਦਾਅਵਾ ਕਰਨ ਦੀ ਵੀ ਜ਼ੋਰਦਾਰ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਕੇਜਰੀਵਾਲ ਨੇ ਨਾ ਸਿਰਫ ਸ਼ਰਾਬ ਦੇ ਠੇਕੇਦਾਰਾਂ ਨਾਲਰਲ ਕੇ ਦਿੱਲੀ ਵਿਚ ਪੈਸਾ ਲੁੱਟਿਆ ਹੈ ਬਲਕਿ ਪੰਜਾਬ ਵਿਚ ਵੀ ਉਹਨਾਂ ਹੀ ਠੇਕੇਦਾਰਾਂ ਨੂੰ ਸਾਰਾ ਸ਼ਰਾਬ ਕਾਰੋਬਾਰ ਸੌਂਪ ਦਿੱਤਾ। ਉਹਨਾਂ ਕਿਹਾਕਿ ਪੰਜਾਬ ਵਿਚ ਇਹ ਲੁੱਟ ਜੋ 700 ਕਰੋੜ ਰੁਪਏ ਤੋਂ ਜ਼ਿਆਦਾ ਬਣਦੀਹੈ, ਦਿੱਲੀ ਦੇ ਆਬਕਾਰੀ ਘੁਟਾਲੇ ਨਾਲੋਂ ਵੱਡੀ ਹੈ ਤੇ ਇਸਦੀ ਦਿੱਲੀ ਦੀ ਤਰਜ ’ਤੇ ਜਾਂਚ ਹੋਣੀ ਚਾਹੀਦੀ ਹੈ।

ਬਾਦਲ ਨੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਭ੍ਰਿਸ਼ਟਾਚਾਰ ਲਈ ਪੁੱਛ ਗਿੱਛ ਕੀਤੇ ਜਾਣ ’ਤੇ ਮਗਰਮੱਛ ਦੇ ਹੰਝੂ ਵਹਾਉਣ ਅਤੇ ਉਹਨਾਂ ਦੇ ਨਾਂ ’ਤੇ ਕੋਈ ਜ਼ਮੀਨ ਨਾ ਹੋਣ ਦਾ ਦਾਅਵਾ ਕਰਨ ਦੀ ਵੀ ਨਿਖੇਧੀ ਕੀਤੀ ਅਤੇ ਕਿਹਾ ਕਿ ਅਜਿਹੀ ਡਰਾਮੇਬਾਜ਼ੀ ਚੰਨੀ ਜਾਂ ਕਾਂਗਰਸ ਪਾਰਟੀ ਨੂੰ ਕੋਈ ਲਾਭ ਨਹੀਂ ਮਿਲੇਗਾ।

ਬਾਦਲ ਨੇ ਕਿਹਾ ਕਿ ਪੰਜਾਬੀ ਜਾਣਦੇ ਹਨ ਕਿ ਸਿਰਫ ਤਿੰਨ ਮਹੀਨਿਆਂ ਲਈ ਹੀ ਮੁੱਖ ਮੰਤਰੀ ਹੁੰਦਿਆਂ ਚਰਨਜੀਤ ਸਿੰਘ ਚੰਨੀ ਨੇ ਰਿਕਾਰਡ ਭ੍ਰਿਸ਼ਟਾਚਾਰ ਕੀਤਾ। ਉਹਨਾਂ ਕਿਹਾ ਕਿ ਚੰਨੀ ਨੇ ਰਾਜ ਵਿਚ ਨਾ ਸਿਰਫ ਰੇਤ ਮਾਫੀਆ ਦੀ ਪੁਸ਼ਤ ਪਨਾਹੀ ਕੀਤੀ ਬਲਕਿ ਗੈਰ ਕਾਨੂੰਨੀ ਕਲੌਨੀਆਂ ਪਿੱਛੇ ਵੀ ਉਹਨਾਂ ਦਾ ਹੱਥ ਸੀ।

ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਚੰਨੀ ਦਾ ਭ੍ਰਿਸ਼ਟਾਚਾਰ ਲੋਕਾਂ ਦੇ ਸਾਹਮਣੇ ਆਇਆ ਸੀ ਜਦੋਂ ਉਹਨਾਂ ਦੇ ਭਾਣਜੇ ਕੋਲੋਂ ਕਰੋੜਾਂ ਰੁਪਏ ਨਗਦ, ਸੋਨਾ ਤੇ ਹੋਰ ਕੀਮਤੀ ਵਸਤਾਂ ਬਰਾਮਦ ਹੋਈਆਂ ਸਨ।

ਅਕਾਲੀ ਦਲ ਦੇ ਪ੍ਰਧਾਨ ਨੇ ਆਮ ਆਦਮੀ ਪਾਰਟੀ ਸਰਕਾਰ ਵੱਲੋਂ ਵਿਸਾਖੀ ਮੌਕੇ ਤਖਤ ਸ੍ਰੀ ਦਮਦਮਾ ਸਾਹਿਬ ਦੇ ਦਰਸ਼ਨਾਂ ਵਾਸਤੇ ਆਉਣ ਵਾਲੇ ਸ਼ਰਧਾਲੂਆਂ ਦੇ ਰਾਹ ਵਿਚ ਰੁਕਾਵਟਾਂ ਪਾ ਕੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਸੱਟ ਮਾਰੀ ਹੈ। ਉਹਨਾਂ ਕਿਹਾ ਕਿ ਅਜਿਹੇ ਹੀ ਹਾਲਾਤ ਸ੍ਰੀ ਆਨੰਦਪੁਰ ਸਾਹਿਬ ਵਿਖੇ ਬਣਾਏ ਗਏ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਆਪ ਸਰਕਾਰ ਹਰ ਖੇਤਰ ਵਿਚ ਦਮਨਕਾਰੀ ਨੀਤੀ ਅਪਣਾ ਰਹੀ ਹੈ। ਉਹਨਾਂ ਕਿਹਾ ਕਿ ਕਲਾਕਾਰ, ਬੁੱਧੀਜੀਵੀ ਤੇ ਮੀਡੀਆ ਵਾਲੇ ਜੋ ਲੋਕਾਂ ਦੀ ਆਵਾਜ਼ ਚੁੱਕਦੇ ਹਨ, ਉਹਨਾਂ ਦੀ ਆਵਾਜ਼ ਕੁਚਲ ਦਿੱਤੀ ਜਾ ਰਹੀ ਹੈ। ਉਹਨਾਂ ਕਿਹਾ ਕਿ ਮਾਸੂਮ ਤੇ ਨਿਰਦੋਸ਼ ਲੋਕਾਂ ਦੇ ਖਿਲਾਫ ਕੇਸ ਦਰਜ ਕੀਤੇ ਜਾ ਰਹੇਹਨ ਤੇ ਵੱਖ-ਵੱਖ ਵੈਬ ਚੈਨਲਾਂ ਦੇ ਖਿਲਾਫ ਕੇਸ ਇਸ ਕਰ ਕੇ ਦਰਜ ਕੀਤੇ ਜਾ ਰਹੇ ਹਨ ਜੋ ਆਪ ਸਰਕਾਰ ਦੇ ਕਹਿਣ ਮੁਤਾਬਕ ਨਹੀਂ ਚੱਲਦੇ।

ਬਾਦਲ ਨੇ ਜ਼ੋਰ ਦੇ ਕੇ ਕਿਹਾ ਕਿ ਜਲੰਧਰ ਜ਼ਿਮਨੀ ਚੋਣ ਇਤਿਹਾਸ ਸਿਰਜੇਗੀ। ਉਹਨਾਂ ਕਿਹਾ ਕਿ ਪੰਜਾਬੀ ਭ੍ਰਿਸ਼ਟ ਤੇ ਘੁਟਾਲਿਆਂ ਨਾਲ ਭਰੀ ਆਪ ਸਰਕਾਰ ਨੂੰ ਸਬਕ ਸਿਖਾਉਣਗੇ ਕਿਉਂਕਿ ਇਹ ਸਰਕਾਰ ਕਾਨੂੰਨ ‌ਵਿਵਸਥਾ ਕਾਇਮ ਰੱਖਣ ਵਿਚ ਫੇਲ੍ਹ ਰਹਿਣ ਤੇ ਫਿਰਕੂ ਟਕਰਾਅ ਪੈਦਾ ਕਰਨ ਕਾਰਨ ਸੂਬੇ ਵਿਚ ਹਫੜਾ ਦਫੜੀ ਵਾਲਾ ਮਾਹੌਲ ਬਣਾ ਰਹੀ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਹਮੇਸ਼ਾ ਸ਼ਾਂਤੀ ਤੇ ਫਿਰਕੂ ਸਦਭਾਵਨਾ ਲਈ ਡਟਿਆ ਹੈ ਤੇ ਇਸਦੀ ਸਰਕਾਰ ਸਮੇਂ ਰਿਕਾਰਡ ਵਿਕਾਸ ਲਈ ਇਹੀ ਆਧਾਰ ਸੀ। ਉਹਨਾਂ ਕਿਹਾ ਕਿ ਅੱਜ ਅਸੀਂ ਵੇਖ ਰਹੇ ਹਾਂ ਕਿ ਆਪ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਉਦਯੋਗ ਬਾਹਰ ਜਾ ਰਿਹਾਹੈ ਤੇ ਬੇਰੋਜ਼ਗਾਰੀ ਵੱਧ ਰਹੀ ਹੈ।

Leave a Reply