ਚੰਡੀਗੜ੍ਹ: ਲੋਕਾਂ ਨੂੰ ਨਿਰਵਿਘਨ ਕਾਰੋਬਾਰ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਮੁਹੱਈਆ ਕਰਵਾਉਣਾ ਯਕੀਨੀ ਬਣਾਉਣ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਵਚਨਬੱਧਤਾ ਤਹਿਤ ਪੰਜਾਬ ਦੇ ਮੁੱਖ ਸਕੱਤਰ ਵਿਜੈ ਕੁਮਾਰ ਜੰਜੂਆ ਨੇ ਕਾਰੋਬਾਰੀ ਸੁਧਾਰ ਕਾਰਜ ਯੋਜਨਾ (ਬੀ.ਆਰ.ਏ.ਪੀ.) 2022 ਤਹਿਤ ਸਾਰੇ ਵਿਭਾਗਾਂ ਨੂੰ ਇੱਕ ਮਹੀਨੇ ਅੰਦਰ ਸਾਰੇ ਸੁਧਾਰਾਂ ਨੂੰ ਲਾਗੂ ਕਰਨਾ ਯਕੀਨੀ ਬਣਾਉਣ ਲਈ ਕਿਹਾ।

ਅੱਜ ਇੱਥੇ ਪੰਜਾਬ ਸਿਵਲ ਸਕੱਤਰੇਤ ਵਿਖੇ ਸਾਰੇ ਸਬੰਧਤ ਪ੍ਰਬੰਧਕੀ ਸਕੱਤਰਾਂ ਨਾਲ ਬੀ.ਆਰ.ਏ.ਪੀ. 2022 ਦੇ ਲਾਗੂ ਕਰਨ ਦੀ ਸਮੀਖਿਆ ਲਈ ਹੋਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਮੁੱਖ ਸਕੱਤਰ ਨੇ ਕਿਹਾ ਕਿ ਯੋਜਨਾ ਦੇ ਲਾਗੂ ਕਰਨ ਦੇ ਨਾਲ-ਨਾਲ ਭਾਰਤ ਸਰਕਾਰ ਦੇ ਉਪਭੋਗਤਾ ਫੀਡਬੈਕ ਦੇ ਮੰਤਵ ਲਈ ਲਾਭਪਾਤਰੀਆਂ ਦਾ ਲੋੜੀਂਦਾ ਡਾਟਾਬੇਸ ਵੀ ਤਿਆਰ ਕੀਤਾ ਜਾਵੇ। ਉਨ੍ਹਾਂ ਵਿਭਾਗਾਂ ਨੂੰ ਸੰਪਰਕ ਨੰਬਰਾਂ ਸਮੇਤ ਲਾਭਪਾਤਰੀਆਂ ਦੀ ਸੂਚੀ ਮੁਹੱਈਆ ਕਰਵਾਉਣ ਦੇ ਨਿਰਦੇਸ਼ ਵੀ ਦਿੱਤੇ, ਤਾਂ ਜੋ ਉਨ੍ਹਾਂ ਨੂੰ ਅਸਲ ਫੀਡਬੈਕ ਮਿਲ ਸਕੇ।

ਜੰਜੂਆ ਨੇ ਕਿਹਾ ਕਿ ਭਾਰਤ ਸਰਕਾਰ ਦਾ ਉਦਯੋਗ ਅਤੇ ਅੰਦਰੂਨੀ ਵਪਾਰ ਵਿਭਾਗ ਕਾਰੋਬਾਰ ਨੂੰ ਸੁਖਾਲਾ ਬਣਾਉਣ (ਈ.ਡੀ.ਬੀ.) ਨੂੰ ਉਤਸ਼ਾਹਿਤ ਕਰਨ ਸਬੰਧੀ ਸੁਧਾਰਾਂ ਦੇ ਲਾਗੂ ਕਰਨ ਲਈ ਵੱਖ-ਵੱਖ ਸੂਬਿਆਂ ਦੀ ਦਰਜਾਬੰਦੀ ਕਰਦਾ ਹੈ।

ਮੁੱਖ ਸਕੱਤਰ ਨੇ ਦੱਸਿਆ ਕਿ ਪਿਛਲੀ ਦਰਜਾਬੰਦੀ ਵਿੱਚ ਪੰਜਾਬ ਨੂੰ ‘ਟੌਪ ਅਚੀਵਰਜ਼’ ਦੀ ਸ਼੍ਰੇਣੀ ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਜੂਨ 2022 ਦੇ ਮਹੀਨੇ ਵਿੱਚ ਵਿਭਾਗ ਵੱਲੋਂ ਜਾਰੀ ਮੌਜੂਦਾ ਯੋਜਨਾ ਤਹਿਤ ਕਾਰੋਬਾਰ ਨੂੰ ਸੁਖਾਲਾ ਬਣਾਉਣ ਸਬੰਧੀ 261 ਸੁਧਾਰ ਕੀਤੇ ਗਏ ਅਤੇ ਰਹਿਣ-ਸਹਿਣ ਨੂੰ ਸੁਖਾਲਾ ਬਣਾਉਣ ਸਬੰਧੀ 94 ਹੋਰ ਸੁਧਾਰ ਵੀ ਸ਼ਾਮਲ ਕੀਤੇ ਗਏ ਹਨ।

ਜੰਜੂਆ ਨੇ ਦੱਸਿਆ ਕਿ ਸਬੰਧਤ ਵਿਭਾਗਾਂ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੇਵਾਵਾਂ ਲਈ ਸਿੰਗਲ ਵਿੰਡੋ ਸਿਸਟਮ ਸਮੇਤ ਆਨਲਾਈਨ ਸਿਸਟਮ ਤਿਆਰ ਕੀਤੇ ਜਾ ਰਹੇ ਹਨ ਜਿਨ੍ਹਾਂ ਵਿੱਚ ਆਨਲਾਈਨ ਬਿਨੈ-ਪੱਤਰ ਜਮ੍ਹਾਂ ਕਰਵਾਉਣਾ, ਆਨਲਾਈਨ ਭੁਗਤਾਨ ਕਰਨਾ, ਆਨਲਾਈਨ ਟਰੈਕਿੰਗ, ਫਾਈਨਲ ਸਰਟੀਫਿਕੇਟ ਡਾਊਨਲੋਡ ਕਰਨਾ, ਆਨਲਾਈਨ ਤੀਜੀ ਧਿਰ ਵੱਲੋੰ ਜਾਂਚ ਕਰਨਾ, ਨਿੱਜੀ ਤੌਰ ‘ਤੇ ਹਾਜ਼ਰ ਨਾ ਹੋਣਾ, ਸਮਾਂਬੱਧ ਸੇਵਾਵਾਂ ਪ੍ਰਦਾਨ ਕਰਨਾ ਅਤੇ ਹੋਰ ਸੇਵਾਵਾਂ ਸ਼ਾਮਲ ਹਨ।

ਮੁੱਖ ਸਕੱਤਰ ਨੇ ਕਿਹਾ ਕਿ ਬੀ.ਆਰ.ਏ.ਪੀ. 2022 ਵਿੱਚ ਸ਼ਾਮਲ ਪ੍ਰਮੁੱਖ ਸੁਧਾਰ ਮਾਲ ਵਿਭਾਗ, ਪੀ.ਪੀ.ਸੀ.ਬੀ., ਕਿਰਤ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਸਥਾਨਕ ਸਰਕਾਰਾਂ, ਲੀਗਲ ਮੈਟਰੋਲੋਜੀ ਅਤੇ ਪ੍ਰਸ਼ਾਸਨਿਕ ਸੁਧਾਰਾਂ ਬਾਰੇ ਵਿਭਾਗ ਨਾਲ ਸਬੰਧਤ ਹਨ। ਉਨ੍ਹਾਂ ਅਧਿਕਾਰੀਆਂ ਨੂੰ ਕਿਹਾ ਕਿ ਇਸ ਕੰਮ ਨੂੰ ਸਮਾਂਬੱਧ ਅਤੇ ਨਤੀਜਾਮੁਖੀ ਢੰਗ ਨਾਲ ਮੁਕੰਮਲ ਕਰਕੇ ਲੋਕਾਂ ਨੂੰ ਲਾਭ ਪਹੁੰਚਾਉਣਾ ਯਕੀਨੀ ਬਣਾਇਆ ਜਾਵੇ।

Leave a Reply