ਵੈਨਕੂਵਰ: ਸਰੀ ਵਿਖੇ ਟਰਾਂਜ਼ਿਟ ਪੁਲਿਸ ਵੱਲੋਂ 3 ਵਿਅਕਤੀਆਂ ਨੂੰ ਛੂਰੇਬਾਜ਼ੀ ਦੀਆਂ ਘਟਨਾਵਾਂ ਦੇ ਸਬੰਧ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਇਸ ਘਟਨਾ ਦੇ ਸਬੰਧ ਵਿੱਚ ਮੈਟਰੋ ਵੈਨਕੂਵਰ ਟ੍ਰਾਂਜ਼ਿਟ ਪੁਲਿਸ ਨੇ ਜਾਣਕਾਰੀ ਦਿੰਦੇ ਦੱਸਿਆ ਕਿ 21 ਜੂਨ ਨੂੰ ਰਾਤ 9 ਵਜੇ ਦੇ ਕਰੀਬ ਪੁਲਿਸ ਅਧਿਕਾਰੀਆਂ ਨੂੰ ਸਰੀ ਸੈਂਟਰਲ ਸਕਾਈ ਟ੍ਰੇਨ ਸਟੇਸ਼ਨ ਬੁਲਾਇਆ ਗਿਆ।

ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਤਿੰਨ ਵਿਅਕਤੀਆਂ ਨੂੰ ਚਾਕੂ ਦੇ ਨਿਸ਼ਾਨਾਂ ਨਾਲ ਜ਼ਖਮੀ ਪਾਇਆ ਗਿਆ।

ਜਾਣਕਾਰੀ ਮੁਤਾਬਕ, ਇੱਕ ਵਿਅਕਤੀ ਦੀ ਪਿੱਠ ‘ਤੇ ਚਾਕੂ ਨਾਲ ਹਮਲਾ ਕੀਤਾ ਗਿਆ ਸੀ ਅਤੇ ਦੂਜੇ ਵਿਅਕਤੀ ਦੀ ਛਾਤੀ ‘ਤੇ ਹਮਲਾ ਕੀਤਾ ਗਿਆ। ਜਦੋਂ ਕਿ ਤੀਜੇ ਵਿਅਕਤੀ ਦੇ ਸਿਰ ‘ਤੇ ਤਿੱਖੀ ਚੀਜ਼ ਨਾਲ ਹਮਲਾ ਕਰ ਉਸਦੇ ਚਿਹਰੇ ‘ਤੇ ਬੀਅਰ ਸਪਰੇਅ ਛਿੜਕ ਦਿੱਤਾ ਗਿਆ ਸੀ।

ਇਸ ਹਮਲੇ ਦੌਰਾਨ ਜ਼ਖਮੀ ਹੋਏ ਤਿੰਨਾਂ ਜਣਿਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ।ਪੁਲਿਸ ਨੇ ਇਸ ਕੇਸ ਦੇ ਸਬੰਧ ਵਿੱਚ ਤਿੰਨ ਜਣਿਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ ੳੇੁੱਪਰ ਹਥਿਆਰ ਰੱਖਣ, ਹਮਲਾ ਕਰਨ ਤੋਂ ਇਲਾਵਾ ਹੋਰ ਵੀ ਦੋਸ਼ ਹਨ।

ਇਸ ਕੇਸ ਦੇ ਸਬੰਧ ਵਿੱਚ ਪੁਲਿਸ ਵੱਲੋਂ 5 ਜੁਲਾਈ ਨੂੰ ਸਰੀ ਦੇ ਇੱਕ ਘਰ ਦੀ ਤਲਾਸ਼ੀ ਵੀ ਲਈ ਗਈ, ਜਿੱਥੇ ਪੁਲਿਸ ਨੇ ਚਾਰ ਗੰਨਾਂ, ਘਾਤਕ ਵਸਤਾਂ, ਗੈਰ-ਕਾਨੂੰਨੀ ਨਸ਼ੇ ਅਤੇ $10,000 ਦੀ ਨਕਦੀ ਵੀ ਬਰਾਮਦ ਕੀਤੀ।

Leave a Reply