ਚੰਡੀਗੜ: ਪੰਜਾਬ ਵਿਜੀਲੈਂਸ ਬਿਊਰੋ ਨੇ ਮੰਗਲਵਾਰ ਨੂੰ ਪੰਜਾਬ ਜੰਗਲਾਤ ਨਿਗਮ, ਐਸ.ਏ.ਐਸ.ਨਗਰ ਦੇ ਦਫਤਰ ਵਿੱਚ ਬਤੌਰ ਆਫਿਸ ਅਸਿਸਟੈਂਟ (ਡਾਟਾ ਐਂਟਰੀ ਆਪਰੇਟਰ) ਕੰਮ ਕਰਦੇ ਗੁਰਦਰਸ਼ਨ ਸਿੰਘ ਨੂੰ 30,000 ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜਮ ਨੂੰ ਪਰਿੰਸ ਵਰਮਾ, ਵਾਸੀ ਸੈਕਟਰ-39, ਚੰਡੀਗੜ ਰੋਡ, ਲੁਧਿਆਣਾ ਸਹਿਰ ਦੀ ਸ਼ਿਕਾਇਤ ‘ਤੇ ਗ੍ਰਿਫਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਕਿ ਉਸ ਦੀ ਫਰਮ ‘ਪੰਜਾਬ ਟਿੰਬਰ’ ਨੂੰ ਗਣੇਸ਼ ਬਿਲਡਰਜ, ਸ੍ਰੀ ਗੰਗਾ ਨਗਰ, ਰਾਜਸਥਾਨ ਵੱਲੋਂ ਅੰਮ੍ਰਿਤਸਰ ਜਿਲੇ ਦੇ ਮਹਿਤਾ ਚੌਕ ਤੋਂ ਲੈ ਕੇ ਗੁਰਦਾਸਪੁਰ ਜਿਲੇ ਵਿੱਚ ਡੇਰਾ ਬਾਬਾ ਨਾਨਕ ਕੋਰੀਡੋਰ ਨੂੰ ਜਾਂਦੀ ਸੜਕ ਦੇ ਦੋਵੇਂ ਪਾਸੇ ਲੱਗੇ ਦਰਖਤਾਂ ਦੀ ਕਟਾਈ ਦਾ ਕੰਮ ਸੌਂਪਿਆ ਗਿਆ ਸੀ।

ਸ਼ਿਕਾਇਤਕਰਤਾ ਨੇ ਅੱਗੇ ਖੁਲਾਸਾ ਕਰਦਿਆਂ ਦੱਸਿਆ ਕਿ ਉਕਤ ਮਾਮਲੇ ਵਿੱਚ ਰਾਜ ਜੰਗਲਾਤ ਨਿਗਮ ਤੋਂ ਲੋੜੀਂਦੀ ਪ੍ਰਵਾਨਗੀ ਲੈਣ ਲਈ ਉਕਤ ਆਫਿਸ ਅਸਿਸਟੈਂਟ ਗੁਰਦਰਸ਼ਨ ਸਿੰਘ ਨੇ ਉਸ (ਸ਼ਿਕਾਇਤ ਕਰਤਾ) ਕੋਲੋਂ ਉਸਦੀ ਫਰਮ ਨੂੰ ਅਲਾਟ ਕੀਤੇ ਗਏ ਕੰਮ ਦੇ 1.5 ਫੀਸਦੀ ਕਮਿਸ਼ਨ (ਕੁੱਲ 6,00,000 ਰੁਪਏ) ਦੀ ਮੰਗ ਕਰ ਰਿਹਾ ਹੈ। ਉਸ ਨੇ ਇਹ ਵੀ ਦੱਸਿਆ ਕਿ ਉਕਤ ਮੁਲਜਮ ਪਹਿਲਾਂ ਵੀ ਇਸ ਸਬੰਧ ਵਿੱਚ ਉਸ ਕੋਲੋਂ 10,000 ਰੁਪਏ ਰਿਸ਼ਵਤ ਵਜੋਂ ਲੈ ਚੁੱਕਾ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਉਕਤ ਸ਼ਿਕਾਇਤ ਵਿੱਚ ਦੋਸ਼ਾਂ ਦੀ ਪੁਸ਼ਟੀ ਕਰਨ ਤੋਂ ਬਾਅਦ ਆਰਥਿਕ ਅਪਰਾਧ ਵਿੰਗ ਪੰਜਾਬ ਦੀ ਇੱਕ ਵਿਜੀਲੈਂਸ ਟੀਮ ਨੇ ਮੁਲਜਮ ਕਰਮਚਾਰੀ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ 30,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ। ਇਸ ਸਬੰਧੀ ਦੋਸ਼ੀ ਖਿਲਾਫ ਥਾਣਾ ਵਿਜੀਲੈਂਸ ਬਿਊਰੋ ਵਿਖੇ ਭਿ੍ਰਸ਼ਟਾਚਾਰ ਰੋਕੂ ਕਾਨੂੰਨ ਦੀ ਧਾਰਾ 7 ਅਧੀਨ ਮੁਕੱਦਮਾ ਨੰਬਰ 26 ਮਿਤੀ 19-12-2022 ਦਰਜ ਕੀਤਾ ਗਿਆ ਹੈ ਅਤੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Leave a Reply