ਚੰਡੀਗੜ੍ਹ: ਕਾਂਗਰਸੀ ਆਗੂ ਸੁਖਪਾਲ ਸਿੰਘ ਖਹਿਰਾ ਦੇ ਦੋਸ਼ਾਂ ਨੂੰ ਮੰਤਰੀ ਲਾਲਚੰਦ ਕਟਾਰੂਚੱਕ ਨੇ ਬੇਬੁਨਿਆਦ ਅਤੇ ਝੂਠਾ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਮੇਰਾ ਪੁੱਤਰ ਕਦੇ ਵੀ ਮੇਰਾ ਸਰਕਾਰੀ ਫ਼ੋਨ ਅਟੈਂਡੈਂਟ ਨਹੀਂ ਰਿਹਾ। ਖਹਿਰਾ ਦੀ ਗੱਲ ‘ਚ ਕੋਈ ਸੱਚਾਈ ਨਹੀਂ ਹੈ।

ਮੰਤਰੀ ਕਟਾਰੂਚੱਕ ਨੇ ਦੱਸਿਆ ਕਿ ਪਿਛਲੇ 11 ਮਹੀਨਿਆਂ ਤੋਂ ਮੇਰਾ ਸਰਕਾਰੀ ਫੋਨ ਅਟੈਂਡੈਂਟ ਸੰਦੀਪ ਕੁਮਾਰ ਹੈ। ਉਨ੍ਹਾਂ ਦੇ ਪਿਤਾ ਦਾ ਨਾਂ ਸ਼ਿਵ ਲਾਲ ਹੈ। ਉਹ ਸਾਡੇ ਵਿਧਾਨ ਸਭਾ ਹਲਕੇ ਭੋਆ ਦੇ ਪਿੰਡ ਸ਼ਰਨਾ ਦਾ ਵਸਨੀਕ ਹੈ। ਉੱਥੇ ਹੀ ਮੇਰੇ ਕੁੱਕ ਦਾ ਨਾਮ ਵੀ ਲੇਖ ਰਾਮ ਸੁਨਾਰ ਹੈ। ਅੱਗਿਓਂ ਉਨ੍ਹਾਂ ਦੇ ਪਿਤਾ ਦਾ ਨਾਂ ਮੌਨ ਸਿੰਘ ਹੈ। ਉਹ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ ਦਾ ਰਹਿਣ ਵਾਲਾ ਹੈ।

ਉਨ੍ਹਾਂ ਕਿਹਾ ਕਿ ਸੁਖਪਾਲ ਖਹਿਰਾ ਮੈਨੂੰ ਬਦਨਾਮ ਕਰਨ ਦੀ ਨੀਅਤ ਨਾਲ ਮੇਰੇ ਪੁੱਤਰ ਦਾ ਨਾਂ ਲੈ ਕੇ ਮੇਰੇ ‘ਤੇ ਝੂਠੇ ਦੋਸ਼ ਲਾ ਰਿਹਾ ਹੈ। ਮੈਂ ਕਦੇ ਵੀ ਆਪਣੇ ਪਰਿਵਾਰ ਦੇ ਫਾਇਦੇ ਲਈ ਆਪਣੇ ਅਹੁਦੇ ਦੀ ਦੁਰਵਰਤੋਂ ਨਹੀਂ ਕੀਤੀ।

ਉਨ੍ਹਾਂ ਕਿਹਾ ਕਿ ਖਹਿਰਾ ਦਾ ਮੁੱਖ ਕੰਮ ਸਨਸਨੀ ਪੈਦਾ ਕਰਨਾ ਅਤੇ ਮੀਡੀਆ ਵਿੱਚ ਰਹਿ ਕੇ ਇਸ ਦਾ ਸਿਆਸੀ ਲਾਹਾ ਲੈਣਾ ਹੈ। ਮੈਂ ਪੰਜਾਬ ਦੇ ਲੋਕਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਉਨ੍ਹਾਂ ਦੀਆਂ ਗੱਲਾਂ ਨੂੰ ਗੰਭੀਰਤਾ ਨਾਲ ਨਾ ਲੈਣ। ਸੁਖਪਾਲ ਖਹਿਰਾ ਅਤੇ ਕਾਂਗਰਸੀ ਆਗੂ ਇਸ ਗੱਲ ਤੋਂ ਪ੍ਰੇਸ਼ਾਨ ਹਨ ਕਿ ਗਰੀਬ ਪਰਿਵਾਰਾਂ ਦੇ ਲੋਕ ਕਿਵੇਂ ਕੈਬਨਿਟ ਮੰਤਰੀ ਅਤੇ ਵਿਧਾਇਕ ਬਣੇ। ਇਹੀ ਗੱਲ ਉਨ੍ਹਾਂ ਲੋਕਾਂ ਨੂੰ ਹਜ਼ਮ ਨਹੀਂ ਹੋ ਰਹੀ।

Leave a Reply