ਚੰਡੀਗੜ੍ਹ: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਬੁੱਧਵਾਰ ਨੂੰ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ‘ਤੇ ਉਨ੍ਹਾਂ ਵੱਲੋਂ ਅਜੀਤ ਅਖ਼ਬਾਰ ਦੇ ਦਫ਼ਤਰ ਵਿੱਚ ਦਿੱਤੇ ਗਏ ਭਾਸ਼ਣ ਨੂੰ ਤੋੜ-ਮਰੋੜ ਕੇ ਪੇਸ਼ ਕਰਨ ਦਾ ਦੋਸ਼ ਲਾਇਆ ਅਤੇ ਕਿਹਾ ਕਿ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਉਨ੍ਹਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।

ਸੀਨੀਅਰ ਕਾਂਗਰਸੀ ਆਗੂ ਬਾਜਵਾ ਨੇ ਕਿਹਾ ਕਿ ਵਿੱਤ ਮੰਤਰੀ ਨੂੰ ‘ਆਪ’ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਉਨ੍ਹਾਂ ‘ਤੇ ਬੇਤੁਕੇ ਦੋਸ਼ ਲਾਉਣ ਦੇ ਨਿਰਦੇਸ਼ ਦਿੱਤੇ ਗਏ ਸਨ।

“ਕੇਜਰੀਵਾਲ ਭਾਜਪਾ ਵੱਲੋਂ ਲਿਆਂਦੇ ਗਏ ਆਰਡੀਨੈਂਸ ‘ਤੇ ਸਮਰਥਨ ਮੰਗਣ ਲਈ ਇੰਡੀਅਨ ਨੈਸ਼ਨਲ ਕਾਂਗਰਸ ਦੇ ਪ੍ਰਧਾਨ, ਮੱਲੀਕਾਰਜੁਨ ਖੜਗੇ ਅਤੇ ਆਈਐਨਸੀ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਤੋਂ ਸਮਾਂ ਮੰਗ ਰਹੇ ਸਨ। ਮੈਂ ਆਪਣੀ ਪਾਰਟੀ ਦੇ ਸਾਥੀਆਂ ਨਾਲ ਮਿਲ ਕੇ ਇਸ ਦਾ ਸਖ਼ਤ ਵਿਰੋਧ ਕੀਤਾ। ਇਸ ‘ਤੇ ਭੜਕਦਿਆਂ ‘ਆਪ’ ਨੇ ਮੈਨੂੰ ਬਦਨਾਮ ਕਰਨ ਦੇ ਇੱਕੋ-ਇੱਕ ਮਕਸਦ ਨਾਲ ਅਜਿਹੇ ਘਟੀਆ ਦੋਸ਼ ਲਾਏ।

ਮੀਡੀਆ ਨੂੰ ਸੰਬੋਧਨ ਕਰਦਿਆਂ ਵਿਰੋਧੀ ਧਿਰ ਦੇ ਨੇਤਾ ਨੇ ਸਪਸ਼ਟ ਤੌਰ ‘ਤੇ ਕਿਹਾ ਕਿ ਉਨ੍ਹਾਂ ਨੇ ਕਦੇ ਵੀ ਦਲਿਤ, ਐਸਸੀ, ਬੀਸੀ ਜਾਂ ਓਬੀਸੀ ਭਾਈਚਾਰੇ ਵਿਰੁੱਧ ਇੱਕ ਵੀ ਸ਼ਬਦ ਨਹੀਂ ਬੋਲਿਆ। ਬਾਜਵਾ ਨੇ ਅੱਗੇ ਕਿਹਾ, “ਇਸ ਦੀ ਬਜਾਏ, ਮੈਂ ਮੰਨਦਾ ਹਾਂ ਕਿ ਇਹ ਉਹ ਭਾਈਚਾਰੇ ਹਨ ਜੋ ਲੰਬੇ ਸਮੇਂ ਤੋਂ ਬਿਨਾਂ ਸ਼ਰਤ ਕਾਂਗਰਸ ਪਾਰਟੀ ਦਾ ਸਮਰਥਨ ਕਰ ਰਹੇ ਹਨ।”

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ‘ਤੇ ਵਰ੍ਹਦਿਆਂ ਬਾਜਵਾ ਨੇ ਸਵਾਲ ਕੀਤਾ ਕਿ ਕੀ ਉਨ੍ਹਾਂ ਨੇ ਕਦੇ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਪੁੱਛਿਆ ਹੈ ਕਿ ਉਹ ਚੋਣਾਂ ਤੋਂ ਪਹਿਲਾਂ ਪੰਜਾਬ ਨੂੰ ਦਲਿਤ ਡਿਪਟੀ ਸੀਐਮ ਦੇਣ ਦੇ ਆਪਣੇ ਵਾਅਦੇ ਨੂੰ ਕਦੋਂ ਪੂਰਾ ਕਰਨਗੇ।

“ਕੀ ਚੀਮਾ ਨੇ ਕਦੇ ਵੀ ਪੰਜਾਬ ਐਡਵੋਕੇਟ ਜਨਰਲ ਦੇ ਦਫ਼ਤਰ ਵਿੱਚ ਇੱਕ ਵੀ ਦਲਿਤ ਵਕੀਲ ਨਾ ਹੋਣ ਕਰਕੇ ਆਪਣੀ ਹੀ ਸਰਕਾਰ ਨੂੰ ਕਟਹਿਰੇ ਵਿੱਚ ਖੜ੍ਹਾ ਕੀਤਾ ਹੈ? ਸਰਕਾਰ ਵਿਚ 15 ਮਹੀਨੇ ਰਹਿਣ ਤੋਂ ਬਾਅਦ ਵੀ ‘ਆਪ’ ਸੂਬੇ ਦੇ ਐਸਸੀ ਕਮਿਸ਼ਨ ਦਾ ਚੇਅਰਪਰਸਨ ਨਿਯੁਕਤ ਕਰਨ ਵਿਚ ਅਸਫਲ ਰਹੀ ਹੈ। ਇਸ ਦੇ ਉਲਟ, ਐਸਸੀ ਕਮਿਸ਼ਨਰ ਦੇ ਮੈਂਬਰਾਂ ਨੂੰ ਅੱਧਾ ਕਰ ਦਿੱਤਾ ਗਿਆ ਹੈ,” ਵਿਰੋਧੀ ਧਿਰ ਦੇ ਆਗੂ ਨੇ ਅੱਗੇ ਕਿਹਾ।

ਬਾਜਵਾ ਨੇ ਕਿਹਾ ਕਿ ਰਾਸ਼ਟਰੀ ਅਨੁਸੂਚਿਤ ਜਾਤੀ ਕਮਿਸ਼ਨ ਨੇ ਮੰਤਰੀ ਲਾਲ ਚੰਦ ਕਟਾਰੂਚੱਕ ਵਿਰੁੱਧ ਜਿਨਸੀ ਸ਼ੋਸ਼ਣ ਦੇ ਦੋਸ਼ਾਂ ਨੂੰ ਲੈ ਕੇ ‘ਆਪ’ ਸਰਕਾਰ ਨੂੰ ਤਿੰਨ ਨੋਟਿਸ ਜਾਰੀ ਕੀਤੇ ਹਨ, ਪਰ ਸਰਕਾਰ ਨੇ ਅਜੇ ਤੱਕ ਮੰਤਰੀ ਵਿਰੁੱਧ ਕਾਰਵਾਈ ਨਹੀਂ ਕੀਤੀ ਹੈ।

ਵਿੱਤ ਮੰਤਰੀ ਵੱਲੋਂ ਮੁਆਫ਼ੀ ਦੀ ਮੰਗ ‘ਤੇ ਬਾਜਵਾ ਨੇ ਕਿਹਾ, “ਮੈਂ ਮੁਆਫ਼ੀ ਕਿਉਂ ਮੰਗਾਂ, ਜਦੋਂ ਕਿ ਮੈਂ ਕਿਸੇ ਵੀ ਭਾਈਚਾਰੇ ਦੇ ਖ਼ਿਲਾਫ਼ ਕੁਝ ਵੀ ਗ਼ਲਤ ਨਹੀਂ ਕਿਹਾ ਹੈ? ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਹੀ ਲੋਕਾਂ ਨੂੰ ਬੇਬੁਨਿਆਦ ਤੌਰ ‘ਤੇ ਬਦਨਾਮ ਕਰਨ ਅਤੇ ਫਿਰ ਮੁਆਫ਼ੀ ਮੰਗਣ ਦੀ ਆਦਤ ਹੈ। ਨਿਤਿਨ ਗਡਕਰੀ, ਮਰਹੂਮ ਅਰੁਣ ਜੇਤਲੀ ਅਤੇ ਬਿਕਰਮਜੀਤ ਸਿੰਘ ਮਜੀਠੀਆ ਸਮੇਤ ਨੇਤਾਵਾਂ ਤੋਂ ਮੁਆਫ਼ੀ ਮੰਗਣ ਦਾ ਉਨ੍ਹਾਂ ਦਾ ਰਿਕਾਰਡ ਹੈ।

Leave a Reply