ਨਵੀਂ ਦਿੱਲੀ: ਆਮ ਆਦਮੀ ਪਾਰਟੀ (ਆਪ) ਦੇ ਸੀਨੀਅਰ ਆਗੂ ਅਤੇ ਪੰਜਾਬ ਤੋਂ ਰਾਜ ਸਭਾ ਮੈਂਬਰ ਰਾਘਵ ਚੱਢਾ ਮੌਜੂਦਾ ਸਰਦ ਰੁੱਤ ਸ਼ੈਸ਼ਨ ਵਿੱਚ ਲਗਾਤਾਰ ਪੰਜਾਬ ਨਾਲ ਜੁੜੇ ਅਹਿਮ ਮੁੱਦੇ ਅਤੇ ਮੰਗਾਂ ਨੂੰ ਸੰਸਦ ਵਿੱਚ ਉਠਾ ਰਹੇ ਹਨ। ਸੋਮਵਾਰ ਨੂੰ ਉਨ੍ਹਾਂ ਪੰਜਾਬ ਦੀ ਲੰਮੇ ਸਮੇਂ ਤੋਂ ਸਿੱਧੀਆਂ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਨੂੰ ਸਦਨ ਅੱਗੇ ਰੱਖਿਆ।

ਸਾਂਸਦ ਰਾਘਵ ਚੱਢਾ ਨੇ ਪੰਜਾਬ ਤੋਂ ਅੰਤਰਰਾਸ਼ਟਰੀ ਉਡਾਣਾਂ ਵਧਾਉਣ ਦੀ ਮੰਗ ਕਰਦਿਆਂ ਰਾਜ ਸਭਾ ਵਿੱਚ ਕਿਹਾ ਕਿ ਇਹ ਪੰਜਾਬ ਅਤੇ ਪੰਜਾਬੀਆਂ ਨਾਲ ਜੁੜੀ ਬਹੁਤ ਹੀ ਮਹੱਤਵਪੂਰਨ ਸਮੱਸਿਆ ਹੈ ਅਤੇ ਸੂਬੇ ਦੇ ਵਿਕਾਸ ਦੇ ਮੱਦੇਨਜ਼ਰ ਇਸ ‘ਤੇ ਤੁਰੰਤ ਧਿਆਨ ਦੇਣ ਅਤੇ ਹੱਲ ਕਰਨ ਦੀ ਲੋੜ ਹੈ।

‘ਆਪ’ ਆਗੂ ਨੇ ਕਿਹਾ, “ਪੰਜਾਬੀ ਦੁਨੀਆਂ ਦੇ ਵੱਡੇ-ਵੱਡੇ ਦੇਸ਼ਾਂ ਵਿੱਚ ਵਸਦੇ ਹਨ, ਕਨੇਡਾ, ਅਮਰੀਕਾ, ਇੰਗਲੈਂਡ, ਨਿਊਜ਼ੀਲੈਂਡ, ਅਸਟ੍ਰੇਲੀਆ। ਪਰ, ਪੰਜਾਬ ਦੀ ਇਨ੍ਹਾਂ ਸਾਰੇ ਦੇਸ਼ਾਂ ਨਾਲ ਅੰਤਰਰਾਸ਼ਟਰੀ ਕਨੈਕਟੀਵਿਟੀ ਬਹੁਤ ਖ਼ਰਾਬ ਹੈ।” ਉਨ੍ਹਾਂ ਅੱਗੇ ਕਿਹਾ ਕਿ ਪੰਜਾਬ ਵਿੱਚ ਦੋ ਅੰਤਰਰਾਸ਼ਟਰੀ ਹਵਾਈ ਅੱਡੇ ਹਨ, ਅੰਮ੍ਰਿਤਸਰ ਅਤੇ ਮੁਹਾਲੀ, ਪਰ, ਇਹ ਦੋਵੇਂ ਸਿਰਫ਼ ਨਾਮ ਦੇ ਹੀ ਅੰਤਰਰਾਸ਼ਟਰੀ ਹਨ। ਕਿਉਂਕਿ, ਇੱਥੇ ਕਿਸੇ ਵੀ ਵੱਡੀ ਅੰਤਰਰਾਸ਼ਟਰੀ ਏਅਰਲਾਈਨਜ਼ ਦੇ ਜਹਾਜ਼ ਨਹੀਂ ਆਉਂਦੇ ਅਤੇ ਅੰਤਰਰਾਸ਼ਟਰੀ ਉਡਾਣਾਂ ਦੀ ਗਿਣਤੀ ਵੀ ਨਾਂਹ ਦੇ ਬਰਾਬਰ ਹੈ।

ਚੱਢਾ ਨੇ ਕਿਹਾ ਕਿ ਜਿਹੜੀਆਂ ਕੁਝ ਅੰਤਰਰਾਸ਼ਟਰੀ ਉਡਾਣਾਂ ਇੱਥੋਂ ਜਾਂਦੀਆਂ ਹਨ ਉਨ੍ਹਾਂ ਦੀ ਗਿਣਤੀ ਅਤੇ ਆਵਿਰਤੀ ਐਨੀ ਘੱਟ ਹੈ ਕਿ ਲੋਕਾਂ ਨੂੰ ਇਨ੍ਹਾਂ ਦੀ ਕੋਈ ਸੁਵਿਧਾ ਨਹੀਂ। ਉਨ੍ਹਾਂ ਇਹ ਵੀ ਕਿਹਾ ਕਿ ਅੱਜ ਪੰਜਾਬੀ ਵੱਡੇ-ਵੱਡੇ ਦੇਸ਼ਾਂ ਦੀ ਅਰਥ ਵਿਵਸਥਾ ਚਲਾ ਰਹੇ ਹਨ ਅਤੇ ਪੰਜਾਬ ਤੋਂ ਸਿੱਧੀ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੀ ਘਾਟ ਉਨ੍ਹਾਂ ਲਈ ਇੱਕ ਵੱਡੀ ਸਮੱਸਿਆ ਹੈ।

ਵਰਤਮਾਨ ਵਿੱਚ, ਅੰਮ੍ਰਿਤਸਰ ਤੋਂ ਕਤਰ, ਯੂਏਈ, ਮਲੇਸ਼ੀਆ, ਸਿੰਗਾਪੁਰ, ਤੁਰਕਮੇਨਿਸਤਾਨ, ਉਜ਼ਬੇਕਿਸਤਾਨ ਅਤੇ ਯੂਕੇ ਆਦਿ ਲਈ ਪੰਜਾਬ ਤੋਂ ਸਿੱਧੀਆਂ ਉਡਾਣਾਂ ਚਲਦੀਆਂ ਹਨ ਪਰ ਪੰਜਾਬ ਤੋਂ ਵਿਦੇਸ਼ ਵੱਡੀ ਗਿਣਤੀ ਵਿੱਚ ਆਉਂਦੇ ਜਾਂਦੇ ਲੋਕਾਂ ਦੇ ਮੱਦੇਨਜ਼ਰ ਹੋਰ ਉਡਾਣਾਂ ਅਤੇ ਇਨ੍ਹਾਂ ਉਡਾਣਾਂ ਦੀ ਗਿਣਤੀ ਵਧਾਉਣ ਦੀ ਲੋੜ ਹੈ।

ਇਸ ਤੋਂ ਪਹਿਲਾਂ ਵੀ ਪੰਜਾਬ ਦੀ ‘ਆਪ’ ਸਰਕਾਰ ਭਾਰਤ ਸਰਕਾਰ ਤੋਂ ਆਦਮਪੁਰ (ਜਲੰਧਰ), ਪਠਾਨਕੋਟ, ਸਾਹਨੇਵਾਲ ਅਤੇ ਬਠਿੰਡਾ ਹਵਾਈ ਅੱਡਿਆਂ ਤੋਂ ਘਰੇਲੂ ਉਡਾਣਾਂ ਮੁੜ ਸ਼ੁਰੂ ਕਰਨ ਦੀ ਅਪੀਲ ਕਰ ਚੁੱਕੀ ਹੈ। ‘ਆਪ’ ਸਰਕਾਰ ਦੇ ਯਤਨਾਂ ਅਤੇ ਸਦਨ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਜੇਕਰ ਪੰਜਾਬ ਤੋਂ ਘਰੇਲੂ ਅਤੇ ਅੰਤਰਰਾਸ਼ਟਰੀ ਹਵਾਈ ਉਡਾਣਾਂ ਦੀ ਗਿਣਤੀ ਵੱਧਦੀ ਹੈ ਤਾਂ ਇਹ ਪੰਜਾਬ ਅਤੇ ਪੰਜਾਬੀਆਂ ਲਈ ਲਾਜ਼ਮੀ ਤੌਰ ‘ਤੇ ਫਾਇਦੇਮੰਦ ਹੋਵੇਗਾ।

Leave a Reply